ਚੰਡੀਗੜ੍ਹ, 30 ਅਗਸਤ
ਪੰਜਾਬ ਦੀ ਭਾਜਪਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਸਰਕਾਰ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸਰਕਾਰ ਦਾ ਆਪਣੇ ਕਰਮਚਾਰੀਆਂ ਅਤੇ ਮੰਤਰੀਆਂ ਪ੍ਰਤੀ ਵੱਖੋ-ਵੱਖ ਰਵੱਈਆ ਇਸ ਸਰਕਾਰ ਦੇ ਵਿਹਾਰ ਵਿਚ ਫਰਕ ਦਾ ਪ੍ਰਤਖ ਪ੍ਰਮਾਣ ਹੈ। ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਨੇ ਗਲਤ ਕੀਤਾ ਹੈ ਤਾਂ ਉਸ ਦੇ ਖ਼ਿਲਾਫ਼ ਬੇਸ਼ੱਕ ਕਾਰਵਾਈ ਹੋਵੇ, ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਕੈਬਨਿਟ ਵਿਚ ਨਾਲ ਦੀਆਂ ਕੁਰਸੀਆਂ ’ਤੇ ਬੈਠੇ ਉਹ ਮੰਤਰੀ ਵਿਖਾਈ ਨਹੀਂ ਦਿੰਦੇ, ਜਿਨ੍ਹਾਂ ਦੀ ਪੁਸ਼ਤਪਨਾਹੀ ਹੇਠ ਪਠਾਨਕੋਟ ਵਿਚ ਕਰੋੜਾਂ ਦੀ ਜ਼ਮੀਨ ਦਾ ਕਥਿਤ ਘਪਲਾ ਹੋ ਗਿਆ? ਭਾਜਪਾ ਪ੍ਰਧਾਨ ਨੇ ਸਵਾਲ ਕੀਤਾ ਕਿ ਕੀ ਉੱਚ ਪੱਧਰੀ ਦਿਸ਼ਾ ਨਿਰਦੇਸ਼ਾਂ ਬਿਨਾਂ ਸੰਭਵ ਹੈ ਕਿ ਇਕ ਬੀਡੀਪੀਓ ਨੂੰ ਇਕ ਹਫ਼ਤੇ ਵਿਚ ਹੀ ਏਡੀਸੀ ਬਣਾ ਦਿੱਤਾ ਜਾਵੇ ਅਤੇ ਫਿਰ ਉਹ ਕਰੋੜਾਂ ਦੀ ਜ਼ਮੀਨ ਦਾ ਗਬਨ ਕਰ ਜਾਵੇ!