ਚੇਨੱਈ, 14 ਜੂਨ

ਐਨਫਰੋਸਮੈਂਟ ਡਾਇਰੈਕਟੋਰੇਟ (ਈਡੀ) ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਤਾਮਿਲ ਨਾਡੂ ਦੇ ਬਿਜਲੀ ਅਤੇ ਆਬਕਾਰੀ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ। ਉਹ ਐੱਮ ਕੇ ਸਟਾਲਿਨ ਦੀ ਅਗਵਾਈ ਹੇਠਲੀ ਕੈਬਨਿਟ ਦੇ ਪਹਿਲੇ ਮੰਤਰੀ ਬਣ ਗਏ ਹਨ ਜਿਨ੍ਹਾਂ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀ ਨੇ ਕਾਰਵਾਈ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਬਾਲਾਜੀ ਨੂੰ ਲੰਬੀ ਪੁੱਛ-ਪੜਤਾਲ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਦੇ ਤੁਰੰਤ ਮਗਰੋਂ ਤਬੀਅਤ ਵਿਗੜਨ ’ਤੇ ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਐਂਜੀਓਗ੍ਰਾਫੀ ਮਗਰੋਂ ਉਸ ਨੂੰ ਫੌਰੀ ਬਾਈਪਾਸ ਸਰਜਰੀ ਕਰਾਉਣ ਦੀ ਸਲਾਹ ਦਿੱਤੀ ਗਈ ਹੈ। ਸਥਾਨਕ ਅਦਾਲਤ ਨੇ ਬਾਅਦ ’ਚ ਉਸ ਨੂੰ 28 ਜੂਨ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਵੱਖਰੇ ਤੌਰ ’ਤੇ ਮਦਰਾਸ ਹਾਈ ਕੋਰਟ ’ਚ ਇਕ ਹੈਬੀਅਸ ਕੋਰਪਸ ਪਟੀਸ਼ਨ ਦਾਖ਼ਲ ਕਰਕੇ ਉਸ ਨੂੰ ਅਦਾਲਤ ’ਚ ਪੇਸ਼ ਕਰਨ ਦੀ ਮੰਗ ਕੀਤੀ ਗਈ। ਮੁੱਖ ਮੰਤਰੀ ਸਟਾਲਿਨ ਨੇ, ਜਿਨ੍ਹਾਂ ਬਾਲਾਜੀ ਖ਼ਿਲਾਫ਼ ਮੰਗਲਵਾਰ ਨੂੰ ਈਡੀ ਛਾਪੇ ਦੀ ਆਲੋਚਨਾ ਕੀਤੀ ਸੀ, ਹਸਪਤਾਲ ’ਚ ਆਪਣੇ ਕੈਬਨਿਟ ਸਾਥੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਭਾਜਪਾ ’ਤੇ ਹਮਲੇ ਤੇਜ਼ ਕਰਦਿਆਂ ਕਿਹਾ ਕਿ ਮੰਤਰੀ ਦੇ ਨਾਲ ਨਾਲ ਡੀਐੱਮਕੇ ਪਾਰਟੀ ਵੱਲੋਂ ਕਾਨੂੰਨੀ ਤੌਰ ’ਤੇ ਕੇਸ ਲੜਿਆ ਜਾਵੇਗਾ। ਉਨ੍ਹਾਂ ਈਡੀ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਜਾਂਚ ਦੇ ਨਾਮ ’ਤੇ ਉਨ੍ਹਾਂ ਡਰਾਮਾ ਕੀਤਾ ਅਤੇ ਬਾਲਾਜੀ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ। ਡੀਐੱਮਕੇ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰੀ ਨਾਲ ਸਬੰਧਤ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਗਿਆ। ਵਿਰੋਧੀ ਧਿਰ ਦੇ ਆਗੂ ਅਤੇ ਅੰਨਾ ਡੀਐੱਮਕੇ ਦੇ ਮੁਖੀ ਕੇ ਪਲਾਨੀਸਵਾਮੀ ਨੇ ਬਾਲਾਜੀ ਦਾ ਨੈਤਿਕ ਆਧਾਰ ’ਤੇ ਅਸਤੀਫ਼ਾ ਮੰਗਿਆ ਹੈ। ਭਾਜਪਾ ਦੀ ਪ੍ਰਦੇਸ਼ ਇਕਾਈ ਨੇ ਬਦਲਾਖੋਰੀ ਦੇ ਲਾਏ ਗਏ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਨੌਕਰੀ ਬਦਲੇ ਨਕਦੀ ਘੁਟਾਲੇ ਦੀ ਜਾਂਚ ਦੌਰਾਨ ਈਡੀ ਨੂੰ ਬਾਲਾਜੀ ਦੀ ਸ਼ਮੂਲੀਅਤ ਦਾ ਪਤਾ ਲੱਗਾ ਸੀ।
ਏਜੰਸੀ ਨੇ ਸੂਬੇ ’ਚ ਮੰਗਲਵਾਰ ਨੂੰ ਕਈ ਥਾਵਾਂ ’ਤੇ ਛਾਪੇ ਮਾਰੇ ਸਨ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਸੁਪਰੀਮ ਕੋਰਟ ਨੇ ਕੁਝ ਮਹੀਨੇ ਪਹਿਲਾਂ ਬਾਲਾਜੀ ਖ਼ਿਲਾਫ਼ ਪੁਲੀਸ ਅਤੇ ਈਡੀ ਜਾਂਚ ਦੀ ਇਜਾਜ਼ਤ ਦਿੱਤੀ ਸੀ। ਡੀਐੱਮਕੇ ਆਗੂਆਂ ਨੇ ਕਿਹਾ ਕਿ ਬਾਲਾਜੀ ਨੂੰ ਬੁੱਧਵਾਰ ਤੜਕੇ ਛਾਤੀ ’ਚ ਤਕਲੀਫ਼ ਹੋਣ ’ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਕ ਹੋਰ ਮੰਤਰੀ ਪੀ ਕੇ ਸ਼ੇਖਰ ਬਾਬੂ ਨੇ ਦਾਅਵਾ ਕੀਤਾ ਕਿ ਬਾਲਾਜੀ ’ਤੇ ਤਸ਼ੱਦਦ ਦੇ ਨਿਸ਼ਾਨ ਮਿਲੇ ਹਨ। ਟੀਵੀ ’ਤੇ ਨਸ਼ਰ ਤਸਵੀਰਾਂ ’ਚ ਬਾਲਾਜੀ ਨੂੰ ਤਕਲੀਫ਼ ਅਤੇ ਰੌਂਦੇ ਦਿਖਾਇਆ ਗਿਆ ਹੈ। ਉਧਰ ਡੀਐੱਮਕੇ ਦੀ ਅਗਵਾਈ ਹੇਠਲੇ ਸੈਕੂਲਰ ਪ੍ਰੋਗਰੈਸਿਵ ਅਲਾਇੰਸ (ਐੱਸਪੀਏ) ਨੇ ਈਡੀ ਦੀ ਕਾਰਵਾਈ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਐਲਾਨ ਕੀਤਾ ਕਿ ਸ਼ੁੱਕਰਵਾਰ ਨੂੰ ਕੋਇੰਬਟੂਰ ’ਚ ਵਿਰੋਧ ਰੈਲੀ ਕੀਤੀ ਜਾਵੇਗੀ।
ਤਾਮਿਲ ਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ ਐੱਸ ਅਲਾਗਿਰੀ, ਸੀਪੀਆਈ ਦੇ ਸਕੱਤਰ ਆਰ ਮੁਥਾਰਸਨ, ਸੀਪੀਐੱਮ ਦੇ ਕੇ ਬਾਲਾਕ੍ਰਿਸ਼ਨਨ ਅਤੇ ਵੀਸੀਕੇ ਦੇ ਬਾਨੀ ਥੋਲ ਥਿਰੂਮਵਾਲਵਨ ਨੇ ਭਾਜਪਾ ਦੀਆਂ ਲੋਕ ਵਿਰੋਧੀ ਕਾਰਵਾਈਆਂ ਦੀ ਨਿਖੇਧੀ ਕੀਤੀ।