ਨਵੀਂ ਦਿੱਲੀ, ਭਾਰਤੀ ਡਿਫੈਂਸ ਦਾ ਪ੍ਰਮੁੱਖ ਖਿਡਾਰੀ ਰਾਹੁਲ ਭੇਕੇ ਜ਼ਖ਼ਮੀ ਹੋਣ ਕਾਰਨ ਬੰਗਲਾਦੇਸ਼ ਖ਼ਿਲਾਫ਼ ਫੀਫਾ ਵਿਸ਼ਵ ਕੱਪ-2022 ਕੁਆਲੀਫਾਇਰ ਮੈਚ ਵਿੱਚ ਨਹੀਂ ਖੇਡ ਸਕੇਗਾ। ਮੁੱਖ ਕੋਚ ਇਗੋਰ ਸਟਿਮੈਕ ਨੇ 15 ਅਕਤੂਬਰ ਨੂੰ ਕੋਲਕਾਤਾ ਵਿੱਚ ਹੋਣ ਵਾਲੇ ਮੈਚ ਤੋਂ ਪਹਿਲਾਂ ਗੁਹਾਟੀ ਵਿੱਚ ਅਭਿਆਸ ਕੈਂਪ ਲਈ ਜੋ 29 ਸੰਭਾਵੀ ਖਿਡਾਰੀ ਚੁਣੇ ਸਨ, ਉਨ੍ਹਾਂ ਵਿੱਚੋਂ ਬੰਗਲੌਰ ਐੱਫਸੀ ਦਾ ਭੇਕੇ ਵੀ ਸ਼ਾਮਲ ਸੀ, ਪਰ ਉਹ ਸੱਟ ਕਾਰਨ ਕੈਂਪ ਵਿੱਚ ਨਹੀਂ ਆਇਆ।
ਸਰਬ ਭਾਰਤੀ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੇ ਟਵਿੱਟਰ ’ਤੇ ਇਸ ਦੀ ਜਾਣਕਾਰੀ ਦਿੱਤੀ। ਏਆਈਐੱਫਐੱਫ ਨੇ ਟਵੀਟ ਕੀਤਾ, ‘‘ਜ਼ਖ਼ਮੀ ਹੋਣ ਕਾਰਨ ਰਾਹੁਲ ਭੇਕੇ ਬੰਗਲਾਦੇਸ਼ ਖ਼ਿਲਾਫ਼ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚ ਤੋਂ ਪਹਿਲਾਂ ਅਭਿਆਸ ਕੈਂਪ ਵਿੱਚ ਸ਼ਾਮਲ ਨਹੀਂ ਹੋ ਸਕੇਗਾ। ਸਾਨੂੰ ਉਸ ਦੇ ਛੇਤੀ ਠੀਕ ਹੋਣ ਦੀ ਉਮੀਦ ਹੈ।’’