ਚੰਡੀਗੜ੍ਹ, 29 ਜਨਵਰੀ

ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ 1993 ਦੇ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਚ ਅੜਿੱਕੇ ਪਾਏ ਜਾਣ ਦੇ ਦੋਸ਼ਾਂ ਦੇ ਜਵਾਬ ’ਚ ਸ਼ਨਿਚਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਕਥਿਤ ਦੋਸ਼ ਲਾਇਆ ਕਿ ਦਲ ਵੱਲੋਂ ਇਸ ਮੁੱਦੇ ’ਤੇ ‘ਘਟੀਆ ਰਾਜਨੀਤੀ’ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਹਿੱਤਾਂ ਲਈ ਭੁੱਲਰ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਸੀ। ਭੁੱਲਰ ਦੀ ਰਿਹਾਈ ਦੇ ਮੁੱਦੇ ’ਤੇ ਅਕਾਲੀ ਵੱਲੋਂ ਲਾਏ ਦੋਸ਼ਾਂ ਬਾਰੇ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਕਿਹਾ, ‘‘ਇਹ ਇੱਕ ਨਾਜ਼ੁਕ ਮੁੱਦਾ ਹੈ ਅਤੇ ਅਕਾਲੀ ਦਲ ਇਸ ’ਤੇ ਗੰਦੀ ਰਾਜਨੀਤੀ ਕਰ ਰਿਹਾ ਹੈ। ਅਸੀਂ ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ।’’ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਆਪ’ ਉੱਤੇ ਵੀ ਭੁੱਲਰ ਰਿਹਾਈ ਲਈ ‘ਨਾਂਹਪੱਖੀ ਰਵੱਈਆ’ ਅਪਣਾਉਣ ਦਾ ਦੋਸ਼ ਲਾਇਆ ਸੀ, ਅਤੇ ਇਸ ਮਾਮਲੇ ’ਚ ਕੇਂਦਰ ਸਰਕਾਰ ਤੋਂ ਦਖਲ ਦੀ ਮੰਗ ਕੀਤੀ ਸੀ। ਜਲੰਧਰ ਵਿੱਚ ਮਾਮਲੇ ਸਬੰਧੀ ਪੂੁਰੀ ਪ੍ਰਕਿਰਿਆ ਬਾਰ ਦੱਸਦਿਆਂ ਕੇਜਰੀਵਾਲ ਨੇ ਕਿਹਾ, ‘‘ਦਿੱਲੀ ਇੱਕ ਪੂਰਨ ਰਾਜ ਨਹੀਂ ਹੈ ਅਤੇ ਕਾਨੂੰਨ ਅਤੇ ਅਮਨ, ਅਤੇ ਪੁਲੀਸ ਕੇਂਦਰ, ਉਪ ਰਾਜਪਾਲ ਦੇ ਅਧੀਨ ਹੈ।’’ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ‘‘ਇੱਕ ਸਜ਼ਾ ਸਮੀਖਿਆ ਬੋਰਡ, ਜਿਸ ਵਿੱਚ ਜੱਜ, ਪੁਲੀਸ ਅਧਕਾਰੀ, ਸਕੱਤਰ ਅਤੇ ਹੋਰ ਮੈਂਬਰ ਸ਼ਾਮਲ ਹੁੰਦੇ ਹਨ, ਸਜ਼ਾ ਵਿੱਚ ਛੋਟ, ਰਿਹਾਈ ਆਦਿ ਮੁੱਦਿਆਂ ’ਤੇ ਸਲਾਹ ਮਸ਼ਵਰਾ ਕਰਨ ਮਗਰੋਂ ਫੈਸਲਾ ਕਰਦਾ ਹੈ। ਇਸ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਇੱਕ ਸਿਫਾਰਸ਼ ’ਤੇ ਪਹੁੰਚਣ ਮਗਰੋਂ ਫਾਈਲ ਉੱਪ ਰਾਜਪਾਲ ਕੋਲ ਜਾਂਦੀ ਹੈ, ਜਿਨ੍ਹਾਂ ਵੱਲੋਂ ਆਖਰੀ ਲਿਆ ਜਾਣਾ ਹੁੰਦਾ ਹੈ।’’ ਕੇਜਰੀਵਾਲ ਨੇ ਕਿਹਾ, ‘‘ਜਦੋਂ ਮੈਨੂੰ ਇਸ (ਭੁੱਲਰ ਮੁੱਦੇ) ਬਾਰੇ ਪਤਾ ਲੱਗਾ ਤਾਂ ਮੈਂ ਗ੍ਰਹਿ ਸਕੱਤਰ ਨੂੰ ਇਸ ਬੋਰਡ ਦੀ ਬੈਠਕ ਜਲਦੀ ਬੁਲਾਉਣ ਦੀ ਆਖਿਆ ਅਤੇ ਬੋਰਡ ਦਾ ਜੋ ਵੀ ਫ਼ੈਸਲਾ ਹੋਵੇਗਾ, ਉਹ ਉਪ ਰਾਜਪਾਲ ਸਾਹਮਣੇ ਰੱਖਿਆ ਜਾਵੇਗਾ।