ਮੈਨਚੈਸਟਰ, 18 ਜੂਨ
ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਦੇ ਮੈਚਾਂ ਵਿੱਚ ਲੱਗੀ ਸੱਟ ਕਾਰਨ ਘੱਟ ਤੋਂ ਘੱਟ ਦੋ ਮੈਚ ਨਹੀਂ ਖੇਡ ਸਕੇਗਾ। ਭੁਵਨੇਸ਼ਵਰ ਤੀਜਾ ਓਵਰ ਪੂਰਾ ਸੁੱਟੇ ਬਿਨਾਂ ਮੈਦਾਨ ਤੋਂ ਬਾਹਰ ਆ ਗਿਆ ਸੀ। ਕਪਤਾਨ ਵਿਰਾਟ ਕੋਹਲੀ ਨੇ ਪੁਸ਼ਟੀ ਕੀਤੀ ਕਿ ਬਾਕੀ ਮੈਚਾਂ ਵਿੱਚ ਉਸ ਦੀ ਥਾਂ ਮੁਹੰਮਦ ਸ਼ਮੀ ਖੇਡੇਗਾ। ਕੋਹਲੀ ਨੇ ਪਾਕਿਸਤਾਨ ’ਤੇ 89 ਦੌੜਾਂ ਨਾਲ ਮਿਲੀ ਜਿੱਤ ਮਗਰੋਂ ਕਿਹਾ, ‘‘ਭੁਵੀ ਨੂੰ ਹਲਕੀ ਸੱਟ ਲੱਗੀ ਹੈ। ਉਹ ਦੋ ਜਾਂ ਤਿੰਨ ਮੈਚਾਂ ਤੋਂ ਬਾਹਰ ਰਹੇਗਾ, ਪਰ ਫਿਰ ਵਾਪਸੀ ਕਰੇਗਾ। ਉਹ ਸਾਡੇ ਲਈ ਮਹੱਤਵਪੂਰਨ ਹੈ।’’ ਉਸ ਨੇ ਕਿਹਾ, ‘‘ਸ਼ਮੀ ਨੂੰ ਖੇਡਣ ਦੀ ਬੇਤਾਬੀ ਨਾਲ ਉਡੀਕ ਹੈ।’’ ਭਾਰਤ ਨੇ 22 ਜੂਨ ਨੂੰ ਅਫ਼ਗਾਨਿਸਤਾਨ ਨਾਲ, 27 ਜੂਨ ਨੂੰ ਵੈਸਟ ਇੰਡੀਜ਼ ਅਤੇ 30 ਜੂਨ ਨੂੰ ਇੰਗਲੈਂਡ ਨਾਲ ਖੇਡਣਾ ਹੈ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੀ ਅੰਗੂਠੇ ਦੀ ਸੱਟ ਕਾਰਨ ਬਾਹਰ ਹੈ।
ਭਾਰਤੀ ਕਪਤਾਨ ਕੋਹਲੀ ਨੇ ਪਾਕਿਸਤਾਨ ਖ਼ਿਲਾਫ਼ ਸੈਂਕੜਾ ਮਾਰਨ ਵਾਲੇ ਰੋਹਿਤ ਸ਼ਰਮਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ‘‘ਰੋਹਿਤ ਦੀ ਪਾਰੀ ਲਾਜਵਾਬ ਸੀ। ਕੇਐਲ ਰਾਹੁਲ ਨੇ ਉਸ ਦੀ ਕਾਫ਼ੀ ਮਦਦ ਕੀਤੀ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਇੱਕ ਰੋਜ਼ਾ ਦਾ ਇੰਨ੍ਹਾਂ ਚੰਗਾ ਖਿਡਾਰੀ ਕਿਉਂ ਹੈ।’’ ਉਸ ਨੇ ਕੁਲਦੀਪ ਯਾਦਵ ਦੇ ਲੈਅ ਵਿੱਚ ਪਰਤਣ ’ਤੇ ਸੁੱਖ ਦਾ ਸਾਹ ਲਿਆ।
ਉਸ ਨੇ ਕਿਹਾ, ‘‘ਕੁਲਦੀਪ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਬਾਬਰ ਅਤੇ ਫਖ਼ਰ ਉਸ ਨੂੰ ਸੰਭਲ ਕੇ ਖੇਡਣਾ ਚਾਹੁੰਦੇ ਸਨ, ਪਰ ਮੇਰੀ ਇੱਛਾ ਸੀ ਕਿ ਉਹ ਲੰਮਾ ਸਪੈਲ ਪਾਵੇ। ਬਾਬਰ ਨੂੰ ਉਸ ਨੇ ਜਿਸ ਗੇਂਦ ’ਤੇ ਆਊਟ ਕੀਤਾ, ਉਹ ਸ਼ਾਨਦਾਰ ਸੀ।’’ ਇਹ ਪੁੱਛਣ ’ਤੇ ਕਿ ਕੀ ਭਾਰਤ ਪਾਕਿਸਤਾਨ ਮੈਚ ਉਮੀਦਾਂ ’ਤੇ ਖਰ੍ਹਾ ਨਹੀਂ ਉਤਰ ਸਕਿਆ। ਕੋਹਲੀ ਨੇ ਕਿਹਾ, ‘‘ਪਾਕਿਸਤਾਨ ਨੇ ਸਾਨੂੰ ਚੈਂਪੀਅਨਜ਼ ਟਰਾਫ਼ੀ ਫਾਈਨਲ ਵਿੱਚ ਹਰਾਇਆ ਸੀ, ਪਰ ਜੇਕਰ ਤੁਸੀਂ ਬਹੁਤ ਜਜ਼ਬਾਤੀ ਹੋ ਕੇ ਇਸ ਮੈਚ ਨੂੰ ਵੇਖੋਗੇ ਤਾਂ ਹਾਲਾਤ ਹੱਥੋਂ ਨਿਕਲ ਸਕਦੇ ਹਨ। ਅਸੀਂ ਅਜਿਹਾ ਨਹੀਂ ਸੋਚਿਆ ਅਤੇ ਪੇਸ਼ੇਵਰ ਦੀ ਤਰ੍ਹਾਂ ਖੇਡੇ।’’