ਸਿਆਂਜੁਰ (ਇੰਡੋਨੇਸ਼ੀਆ), 23 ਨਵੰਬਰ
ਇੰਡੋਨੇਸ਼ੀਆ ਦੇ ਜਾਵਾ ਟਾਪੂ ’ਤੇ ਆਏ ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 268 ਹੋ ਗਈ ਹੈ। ਮਲਬੇ ਵਿੱਚੋਂ ਲਾਸ਼ਾਂ ਨੂੰ ਕੱਢਿਆ ਜਾ ਰਿਹਾ ਹੈ। 151 ਜਣੇ ਹਾਲੇ ਵੀ ਲਾਪਤਾ ਹਨ। ਇਹ ਜਾਣਕਾਰੀ ਕੌਮੀ ਆਫਤ ਰਾਹਤ ੲੇਜੰਸੀ ਨੇ ਦਿੱਤੀ। ਏਜੰਸੀ ਦੇ ਮੁਖੀ ਸੁਹਾਰਯੰਤੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿਆਂਜੁਰ ਸ਼ਹਿਰ ਕੋਲ ਸੋਮਵਾਰ ਦੁਪਹਿਰ ਨੂੰ ਆਏ 5.6 ਸ਼ਿੱਦਤ ਦੇ ਭੁਚਾਲ ਵਿੱਚ 1,083 ਲੋਕ ਜ਼ਖ਼ਮੀ ਹੋ ਗੲੇ। ਭੁਚਾਲ ਤੋਂ ਡਰ ਕੇ ਲੋਕ ਸੜਕਾਂ ’ਤੇ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਤੋਂ ਇਲਾਵਾ 300 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ ਅਤੇ ਘੱਟ ਤੋਂ ਘੱਟ 600 ਤੋਂ ਵੱਧ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਕੌਮੀ ਖੋਜ ਤੇ ਬਚਾਅ ਏਜੰਸੀ ਦੇ ਮੁਖੀ ਹੈਨਰੀ ਅਲਫਿਐਂਡੀ ਨੇ ਕਿਹਾ ਕਿ ਸਿਆਂਜੁਰ ਦੇ ਉੱਤਰ-ਪੱਛਮ ਸਥਿਤ ਸਿਜੇਡਿਲ ਪਿੰਡ ਵਿੱਚ ਭੁਚਾਲ ਕਾਰਨ ਢਿੱਗਾਂ ਡਿੱਗ ਗਈਆਂ ਹਨ।