ਨਵੀਂ ਦਿੱਲੀ, 4 ਜੁਲਾਈ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਹਿੰਦੀ ਭਾਸ਼ਾ ਦੀ ਤਰੱਕੀ ਅਤੇ ਉਸ ਦੀ ਵਧ ਰਹੀ ਵਰਤੋਂ ਦੇਸ਼ ’ਚ ਵਿਭਿੰਨਤਾ ਦੇ ਬਾਵਜੂਦ ਲੋਕਾਂ ਨੂੰ ਆਪਸ ’ਚ ਜੋੜਨ ’ਚ ਸਹਾਇਤਾ ਕਰਦੀ ਹੈ।
‘ਹਿੰਦੀ ਸਲਾਹਕਾਰ ਸਮਿਤੀ’ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਂਡਵੀਆ ਨੇ ਕਿਹਾ ਕਿ ਰਾਸ਼ਟਰ ਭਾਸ਼ਾ ਦੀ ਸ਼੍ਰੇਸ਼ਠਤਾ ਨੂੰ ਸਮਝਣਾ ਅਹਿਮ ਹੈ। ‘ਹਿੰਦੀ ਸਾਨੂੰ ਪ੍ਰਗਟਾਵੇ ਅਤੇ ਇਕਜੁੱਟਤਾ ਲਈ ਸਾਂਝਾ ਮੰਚ ਪ੍ਰਦਾਨ ਕਰਦੀ ਹੈ। ਅਸੀਂ ਆਪਣੀਆਂ ਖੇਤਰੀ ਭਾਸ਼ਾਵਾਂ ਦੀ ਭਾਵੇਂ ਵਰਤੋਂ ਕਰ ਸਕਦੇ ਹਾਂ ਪਰ ਸਾਨੂੰ ਰਾਸ਼ਟਰ ਭਾਸ਼ਾ ਵਜੋਂ ਹਿੰਦੀ ਦਾ ਸਤਿਕਾਰ ਕਰਨਾ ਚਾਹੀਦਾ ਹੈ।’ ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਐੱਸ ਪੀ ਸਿੰਘ ਬਘੇਲ ਅਤੇ ਡਾਕਟਰ ਭਾਰਤੀ ਪ੍ਰਵੀਨ ਪਵਾਰ ਵੀ ਹਾਜ਼ਰ ਸਨ। ਹਿੰਦੀ ਸਲਾਹਕਾਰ ਸਮਿਤੀ ਕੇਂਦਰ ਸਰਕਾਰ ਦੇ ਹਰੇਕ ਮੰਤਰਾਲੇ ’ਚ ਸਰਕਾਰੀ ਕੰਮਕਾਜ ਹਿੰਦੀ ’ਚ ਕਰਨ ਲਈ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ ਅਤੇ ਇਸ ਦੀਆਂ ਇਕ ਸਾਲ ’ਚ ਘੱਟੋ ਘੱਟ ਦੋ ਮੀਟਿੰਗਾਂ ਹੋਣੀਆਂ ਚਾਹੀਦੀਆਂ ਹਨ।
ਸ੍ਰੀ ਮਾਂਡਵੀਆ ਨੇ ਮੰਤਰਾਲਾ ਪੱਧਰ ’ਤੇ ਹਿੰਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾ ਰਹੀਆਂ ਸਰਗਰਮੀਆਂ ਦਾ ਵੀ ਜ਼ਿਕਰ ਕੀਤਾ।
ਸ੍ਰੀ ਬਘੇਲ ਨੇ ਸੁਝਾਅ ਦਿੱਤਾ ਕਿ ਐਲੋਪੈਥੀ, ਹੋਮਿਓਪੈਥੀ ਅਤੇ ਆਯੂਰਵੈਦ ਦੀਆਂ ਦਵਾਈਆਂ ਦੇ ਨਾਮ ਹਿੰਦੀ ’ਚ ਲਿਖੇ ਜਾਣ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਵੀ ਹਿੰਦੀ ’ਚ ਦਵਾਈਆਂ ਲਿਖਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।