ਫਤਹਿਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਖਾੜਕੂ ਪਰਮਜੀਤ ਸਿੰਘ ਭਿਉਰਾ ਦੀ ਮਾਤਾ ਪ੍ਰੀਤਮ ਕੌਰ ਨਾਲ ਹਲਕਾ ਰਾਜਪੁਰਾ ਦੇ ਪਿੰਡ ਭਤੇੜੀ ’ਚ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਭਿਉਰਾ ਤੇ ਉਸ ਤੀ ਮਾਤਾ ਦੀ ਮੁਲਾਕਾਤ ਦਾ ਰਾਹ ਪੱਧਰਾ ਕਰੇ। ਇਸ ਸਬੰਧੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਭੇਜਿਆ ਹੈ। ਪਰਮਜੀਤ ਸਿੰਘ ਭਿਊਰਾ ਇਸ ਸਮੇਂ ਬੁੜੈਲ ਜੇਲ੍ਹ ’ਚ ਬੰਦ ਹੈ।
ਫਤਹਿਗੜ੍ਹ ਸਾਹਿਬ ’ਚ ਕੀਤੀ ਪ੍ਰੈੱਸ ਵਾਰਤਾ ਦੌਰਾਨ ਜਥੇਦਾਰ ਪੰਜੋਲੀ ਨੇ ਕਿਹਾ ਕਿ ਮਾਤਾ ਪ੍ਰੀਤਮ ਕੌਰ ਇਸ ਸਮੇਂ 93 ਸਾਲਾਂ ਦੇ ਹਨ ਅਤੇ ਉਨ੍ਹਾਂ ਦੀ ਆਖ਼ਰੀ ਇੱਛਾ ਆਪਣੇ ਪੁੱਤਰ ਨੂੰ ਮਿਲਣ ਦੀ ਹੈ। ਉਨ੍ਹਾਂ ਦੱਸਿਆ ਕਿ ਮਾਤਾ ਪ੍ਰੀਤਮ ਕੌਰ ਇਸ ਵਕਤ ਹਲਕਾ ਰਾਜਪੁਰਾ ਦੇ ਪਿੰਡ ਭਤੇੜੀ ’ਚ ਆਪਣੀ ਬੇਟੀ ਕੋਲ ਰਹਿ ਰਹੀ ਹੈ। ਉਨ੍ਹਾਂ ਨੇ ਜਥੇਦਾਰ ਪੰਜੋਲੀ ਨੂੰ ਆਪਣੀ ਆਖ਼ਰੀ ਇੱਛਾ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਮਾਂ-ਪੁੱਤ ਦਾ ਰਿਸ਼ਤਾ ਸਭ ਤੋਂ ਅਹਿਮ ਹੁੰਦਾ ਹੈ। ਇਸ ਲਈ ਮਾਤਾ ਪ੍ਰੀਤਮ ਕੌਰ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਨਾਲ ਮਿਲਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਦਲੀਲ ਦਿੱਤੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਇੱਕ ਸਟੇਟ ਦੀ ਪ੍ਰਤੀਨਿਧਤਾ ਕਰਦੇ ਸਨ ਜਦਕਿ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ ਅਤੇ ਉਨ੍ਹਾਂ ਦੇ ਹੋਰ ਸਾਥੀ ਖ਼ਾਲਸਾ ਪੰਥ ਦੇ ਜਜ਼ਬਾਤ ਦੀ ਪ੍ਰਤੀਨਿਧਤਾ ਕਰਦੇ ਸਨ। ਇਸ ਲਈ ਟਕਰਾਅ ਹੋਣਾ ਕੁਦਰਤੀ ਸੀ, ਪਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਕਿਸੇ ਵੀ ਸਿੱਖ ਨੇ ਕਦੀ ਵੀ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਵੱਲ ਉਗਲ ਨਹੀਂ ਚੁੱਕੀ ਕਿਉਂਕਿ ਖਾਲਸੇ ਤੇ ਬੇਅੰਤ ਪਰਿਵਾਰ ’ਚ ਨਾ ਨਿੱਜੀ ਦੁਸ਼ਮਣੀ ਸੀ ਤੇ ਨਾ ਹੀ ਹੈ।