ਅੰਮ੍ਰਿਤਸਰ: ਪੰਜਾਬ ਦੇ 21 ਸਾਲਾ ਕ੍ਰਿਕਟਰ ਵਸ਼ਿਸ਼ਟ ਮਹਿਰਾ ਇਸ ਵੇਲੇ ਸਟੇਜ 4 ਬ੍ਰੇਨ ਟਿਊਮਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਹੈ। ਉਸ ਦਾ ਇਲਾਜ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਹੋਣਾ ਹੈ, ਜਿਸ ਦੀ ਲਾਗਤ ਲਗਭਗ 70 ਲੱਖ ਰੁਪਏ ਦੱਸੀ ਜਾ ਰਹੀ ਹੈ।

ਵਸ਼ਿਸ਼ਟ ਮਹਿਰਾ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਜੂਨੀਅਰ ਪੱਧਰ ਤੋਂ ਕੀਤੀ ਸੀ। ਉਹ 2019 ਤੋਂ ਲਗਾਤਾਰ ਪੰਜਾਬ ਵੱਲੋਂ ਵਿਨੋਦ ਮਾਨਕਡ ਟਰਾਫੀ, ਕੂਚ ਬਿਹਾਰ ਟਰਾਫੀ ਅਤੇ ਕਰਨਲ ਸੀਕੇ ਨਾਇਡੂ ਟਰਾਫੀ ਵਰਗੇ ਮਹੱਤਵਪੂਰਨ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦਾ ਰਿਹਾ ਹੈ। ਉਸ ਨੇ ਪੰਜਾਬ ਲਈ ਲਗਭਗ 20 ਜੂਨੀਅਰ ਮੈਚ ਖੇਡੇ ਅਤੇ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਟੂਰਨਾਮੈਂਟਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲ 2024 ਵਿੱਚ ਉਸ ਨੇ ਮੋਹਾਲੀ ਵਿੱਚ ਤ੍ਰਿਪੁਰਾ ਦੇ ਖਿਲਾਫ ਪੰਜਾਬ ਵੱਲੋਂ ਆਪਣਾ ਪਹਿਲਾ ਫਸਟ ਕਲਾਸ ਮੈਚ ਖੇਡਿਆ।

ਵਸ਼ਿਸ਼ਟ ਮਹਿਰਾ ਦਾ ਜਨਮ ਨਵੰਬਰ 2003 ਵਿੱਚ ਹੋਇਆ ਸੀ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਮੋਹਾਲੀ ਵਿੱਚ ਕ੍ਰਿਕਟ ਦੀ ਪ੍ਰੈਕਟਿਸ ਕਰਦਾ ਸੀ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਸੱਜੇ ਹੱਥ ਦਾ ਮੀਡੀਅਮ ਫਾਸਟ ਗੇਂਦਬਾਜ਼ ਹੈ। 2024 ਵਿੱਚ ਉਸ ਨੇ ਪੰਜਾਬ ਟੀਮ ਵੱਲੋਂ ਆਪਣਾ ਡੈਬਿਊ ਕੀਤਾ ਸੀ।

ਹਰਭਜਨ ਸਿੰਘ ਦੀ ਅਪੀਲ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿੰਨਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਵਸ਼ਿਸ਼ਟ ਮਹਿਰਾ ਦੀ ਸਥਿਤੀ ਸਾਂਝੀ ਕਰਦਿਆਂ ਬੀਸੀਸੀਆਈ, ਪੀਸੀਏ, ਸਾਥੀ ਕ੍ਰਿਕਟਰਾਂ ਅਤੇ ਆਮ ਲੋਕਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਹਰਭਜਨ ਨੇ ਕਿਹਾ, “ਇੰਨੀ ਛੋਟੀ ਉਮਰ ਵਿੱਚ ਵਸ਼ਿਸ਼ਟ ਵਰਗੇ ਹੋਣਹਾਰ ਖਿਡਾਰੀ ਦਾ ਇਸ ਗੰਭੀਰ ਬੀਮਾਰੀ ਨਾਲ ਜੂਝਣਾ ਬਹੁਤ ਦੁਖਦਾਈ ਹੈ। ਸਮਾਂ ਆ ਗਿਆ ਹੈ ਕਿ ਕ੍ਰਿਕਟ ਭਾਈਚਾਰਾ ਅਤੇ ਸਮਾਜ ਇਕਜੁੱਟ ਹੋ ਕੇ ਉਸ ਦੇ ਪਰਿਵਾਰ ਦੀ ਮਦਦ ਕਰੇ, ਤਾਂ ਜੋ ਉਸ ਦਾ ਇਲਾਜ ਸਮੇਂ ਸਿਰ ਹੋ ਸਕੇ।”