ਗਰਮੀ ਤੋਂ ਰਾਹਤ ਪਾਉਣ ਲਈ ਨਹਿਰਾਂ ਅਤੇ ਦਰਿਆਵਾਂ ਆਦਿ ਵਿੱਚ ਨਹਾਉਣ ਦੀ ਆਦਤ ਕਈ ਲੋਕਾਂ ਲਈ ਘਾਤਕ ਸਾਬਤ ਹੋ ਰਹੀ ਹੈ। ਹਾਲ ਹੀ ਵਿੱਚ ਲੁਧਿਆਣਾ ਵਿੱਚ ਨਹਾਉਂਦੇ ਹੋਏ 4 ਬੱਚੇ ਦਰਿਆ ਵਿੱਚ ਰੁੜ ਗਏ ਸਨ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਹੁਣ ਲੁਧਿਆਣਾ ਵਿੱਚ ਨਹਿਰਾਂ, ਚੋਅ ਅਤੇ ਦਰਿਆਵਾਂ ਵਿੱਚ ਨਹਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਜੈਨ ਨੇ ਇਸ ਸਬੰਧ ਵਿੱਚ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਕਾਰਨ ਨਹਿਰਾਂ, ਚੋਅ ਅਤੇ ਦਰਿਆਵਾਂ ਵਿੱਚ ਪਾਣੀ ਪੂਰੀ ਰਫ਼ਤਾਰ ਨਾਲ ਵਗ ਰਿਹਾ ਹੈ ਅਤੇ ਉਨ੍ਹਾਂ ਵਿੱਚ ਪਾਣੀ ਦਾ ਪੱਧਰ ਵੀ ਕਾਫ਼ੀ ਵੱਧ ਗਿਆ ਹੈ। ਗਰਮੀਆਂ ਦਾ ਮੌਸਮ ਹੋਣ ਕਾਰਨ, ਬਹੁਤ ਸਾਰੇ ਲੋਕ ਇੱਥੇ ਨਹਾਉਂਦੇ ਹਨ, ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੰਭਾਵਨਾ ਹੈ। ਇਸ ਨੂੰ ਦੇਖਦੇ ਹੋਏ, ਉਨ੍ਹਾਂ ਨੇ ਅਗਲੇ ਹੁਕਮਾਂ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਵਗਦੀਆਂ ਨਹਿਰਾਂ, ਚੋਅ ਅਤੇ ਦਰਿਆਵਾਂ ਵਿੱਚ ਨਹਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਦੱਸ ਦੇਈਏ ਕਿ ਲੁਧਿਆਣਾ ਦੀ ਸਿੰਧਵਾਂ ਨਹਿਰ ਵਿੱਚ ਵੀਰਵਾਰ ਨੂੰ ਨਹਾਉਂਦੇ ਸਮੇਂ ਕੰਢੇ ਨਾਲ ਬੰਨ੍ਹੀ ਹੋਈ ਤਾਰ ਟੁੱਟਣ ਕਾਰਨ 8 ਬੱਚੇ ਡੁੱਬ ਗਏ। 4 ਬੱਚੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਏ, ਜਦਕਿ 4 ਬੱਚਿਆਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਇਲਾਕੇ ਦੇ 8 ਬੱਚੇ ਨਹਿਰ ਵਿੱਚ ਨਹਾਉਣ ਗਏ ਸਨ। ਸਾਰੇ ਤਾਰ ਫੜ ਕੇ ਨਹਾ ਰਹੇ ਸਨ। ਜ਼ਿਆਦਾ ਭਾਰ ਹੋਣ ਕਾਰਨ ਤਾਰ ਟੁੱਟ ਗਈ ਅਤੇ ਸਾਰੇ ਬੱਚੇ ਰੁੜ ਗਏ, ਜਿਨ੍ਹਾਂ ਵਿਚੋਂ 2 ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਸਨ।