ਵਾਸ਼ਿੰਗਟਨ, 26 ਅਪਰੈਲ

ਭਾਰਤ-ਅਮਰੀਕੀ ਕਾਂਗਰਸਮੈਨ ਰੋ ਖੰਨਾ ਨੇ ਕਿਹਾ ਹੈ ਕਿ ਯੂਕਰੇਨ ’ਚ ਜੰਗ ਕਾਰਨ ਰੂਸ ਦੇ ਚੀਨ ਨਾਲ ਸਬੰਧਾਂ ਨੂੰ ਦੇਖਦਿਆਂ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਭਾਰਤ ਵੱਲੋਂ ਰੂਸ ਨੂੰ ਸੁਰੱਖਿਅਤ ਦੋਸਤ ਵਜੋਂ ਦੇਖਿਆ ਜਾਵੇਗਾ। ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ’ਚ ਭਾਰਤੀ-ਅਮਰੀਕੀਆਂ ਦਾ ਟੀਚਾ ਸਬੰਧਾਂ ਨੂੰ ਹੋਰ ਡੂੰਘਾ ਕਰਨ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਮੈਂ ਨਹੀਂ ਸਮਝਦਾ ਕਿ ਰੂਸ ਅਤੇ ਚੀਨ ਵਿਚਕਾਰ ਕਰੀਬੀ ਸਬੰਧਾਂ ਨੂੰ ਦੇਖਦਿਆਂ ਭਾਰਤ ਏਸ਼ੀਆ ’ਚ ਆਪਣੀ ਸਰਹੱਦ ’ਤੇ ਸੰਭਾਵਿਤ ਹਮਲੇ ਤੋਂ ਬਚਾਅ ਲਈ ਰੂਸ ਨੂੰ ਇਕ ਸੁਰੱਖਿਅਤ ਦੋਸਤ ਵਜੋਂ ਦੇਖੇਗਾ। ਭਾਰਤੀ ਜਾਣਦੇ ਹਨ ਕਿ ਉਸ ਟੀਚੇ ਲਈ ਅਮਰੀਕਾ ਵਧੇਰੇ ਭਰੋਸੇਮੰਦ ਭਾਈਵਾਲ ਹੈ।’’ ਖੰਨਾ ਨੇ ਕਿਹਾ ਕਿ ਚੀਨ ਖ਼ਿਲਾਫ਼ ਅਮਰੀਕਾ ਨਾਲ ਮਜ਼ਬੂਤੀ ਨਾਲ ਜੁੜਨਾ ਭਾਰਤ ਦੇ ਹਿੱਤ ’ਚ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਅਜੇ ਅਮਰੀਕਾ ਨਾਲ ਜੁੜਨਾ ਚਾਹੁੰਦੇ ਹਨ ਕਿਉਂਕਿ ਉਹ ਇਸ ਨੂੰ ਰਣਨੀਤਕ ਤੌਰ ’ਤੇ ਅਹਿਮ ਮੰਨਦੇ ਹਨ।