ਸਾਊਥੈਂਪਟਨ, 6 ਜੂਨ
ਭਾਰਤ ਨੇ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਕਰਦਿਆਂ ਦੱਖਣੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਜਿੱਤ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਬਾਦ ਸੈਂਕੜੇ (122) ਅਤੇ ਯੁਜ਼ਵੇਂਦਰ ਚਹਿਲ ਵੱਲੋਂ ਲਈਆਂ ਚਾਰ ਵਿਕਟਾਂ ਦਾ ਅਹਿਮ ਯੋਗਦਾਨ ਰਿਹਾ। ਭਾਰਤ ਨੇ ਦੱਖਣੀ ਅਫਰੀਕਾ ਵੱਲੋਂ ਦਿੱਤੇ 228 ਦੌੜਾਂ ਦੇ ਟੀਚੇ ਨੂੰ 47.3 ਓਵਰਾਂ ਵਿੱਚ ਪੂਰਾ ਕਰ ਲਿਆ। ਦੱਖਣੀ ਅਫਰੀਕਾ ਦੀ ਵਿਸ਼ਵ ਕੱਪ ਵਿੱਚ ਇਹ ਲਗਾਤਾਰ ਤੀਜੀ ਹਾਰ ਹੈ। ਟੀਮ ਨੂੰ ਵਿਸ਼ਵ ਕੱਪ ਵਿੱਚ ਬਣੇ ਰਹਿਣ ਲਈ ਅਗਲੇ ਸਾਰੇ ਮੈਚ ਜਿੱਤਣੇ ਪੈਣਗੇ। ਹੋਰਨਾਂ ਭਾਰਤੀ ਬੱਲੇਬਾਜ਼ਾਂ ਵਿੱਚ ਮਹਿੰਦਰ ਸਿੰਘ ਧੋਨੀ ਤੇ ਲੋਕੇਸ਼ ਰਾਹੁਲ ਨੇ ਕ੍ਰਮਵਾਰ 34 ਤੇ 26 ਦੌੜਾਂ ਦਾ ਯੋਗਦਾਨ ਪਾਇਆ। ਸ਼ਿਖਰ ਧਵਨ 8 ਦੌੜਾਂ ਨਾਲ ਸਸਤੇ ਵਿੱਚ ਹੀ ਤੁਰਦਾ ਬਣਿਆ। ਹਾਰਦਿਕ ਪਾਂਡਿਆ ਨੇ 7 ਗੇਂਦਾਂ ’ਤੇ 15 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਕੈਗਿਸੋ ਰਬਾਡਾ ਨੇ ਦੋ, ਜਦੋਂ ਕਿ ਮੌਰੀਸਨ ਅਤੇ ਐਂਡਲੇ ਨੇ ਇਕ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਲੈੱਗ ਸਪਿੰਨਰ ਯੁਜਵੇਂਦਰ ਚਹਿਲ ਦੀ ਬਿਹਤਰੀਨ ਗੇਂਦਬਾਜ਼ੀ ਨਾਲ ਭਾਰਤ ਨੇ ਆਈਸੀਸੀ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਇਥੇ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ’ਤੇ 227 ਦੌੜਾਂ ਦੇ ਸਕੋਰ ’ਤੇ ਢੇਰ ਕਰ ਦਿੱਤਾ। ਚਹਿਲ ਨੇ ਬੱਲੇਬਾਜ਼ਾਂ ਨੂੰ ਨਾ ਸਿਰਫ ਪ੍ਰੇਸ਼ਾਨ ਕੀਤਾ ਸਗੋਂ ਉਨ੍ਹਾਂ ਨੂੰ ਗਲਤੀਆਂ ਕਰਨ ਲਈ ਮਜਬੂਰ ਕੀਤਾ ਅਤੇ 51 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਬੁਮਰਾਹ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ। ਮੁਹੰਮਦ ਸ਼ਮੀ ਦੀ ਥਾਂ ’ਤੇ ਟੀਮ ਵਿੱਚ ਸ਼ਾਮਲ ਹੋਏ ਭੁਵਨੇਸ਼ਵਰ ਕੁਮਾਰ ਨੇ 44 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਚਾਈਨਾਮੈਨ ਸਪਿੰਨਰ ਕੁਲਦੀਪ ਯਾਦਵ ਨੇ 46 ਦੌੜਾਂ ਦੇ ਕੇ ਇਕ ਵਿਕਟ ਲਈ। ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕੀ ਬੱਲੇਬਾਜ਼ਾਂ ਨੂੰ ਵੱਡੀ ਭਾਈਵਾਲੀ ਜਾਂ ਲੰਮੀ ਪਾਰੀ ਨਹੀਂ ਖੇਡਣ ਦਿੱਤੀ। ਕਪਤਾਨ ਫਾਫ ਡੁਪਲੇਸਿਸ ਨੇ 38 , ਡੇਵਿਡ ਮਿਲਰ ਨੇ 31 ਅਤੇ ਐਂਡਿਲ ਫੇਲੁਕਵਾਓ 34 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਵੱਲੋਂ ਸਭ ਤੋਂ ਵੱਧ ਸਕੋਰ ਅੱਠਵੇਂ ਨੰਬਰ ਦੇ ਖਿਡਾਰੀ ਕਿ੍ਸ ਮੌਰਿਸ ਨੇ ਬਣਾਇਆ। ਉਨ੍ਹਾਂ 42 ਦੌੜਾਂ ਬਣਾਈਆਂ। ਕਿ੍ਸ ਨੇ ਕੈਗਿਸੋ ਰਬਾਡਾ(ਨਾਬਾਦ 31) ਨਾਲ ਅੱਠਵੇਂ ਵਿਕਟ ਲਈ ਸਭ ਤੋਂ ਵਧ 66 ਦੌੜਾਂ ਦੀ ਭਾਈਵਾਲੀ ਕੀਤੀ। ਡੁਪਲੇਸਿਸ ਦਾ ਪਹਿਲਾਂ ਬੱਲੇਬਾਜ਼ੀ ਦੇ ਫੈਸਲੇ ਦਾ ਦੱਖਣੀ ਅਫਰੀਕਾ ਨੂੰ ਲਾਭ ਨਹੀਂ ਮਿਲਿਆ। ਬੁਮਰਾਹ ਨੇ ਸ਼ੁਰੂ ਵਿੱਚ ਹੀ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਕੇ ਮੈਚ ਭਾਰਤ ਦੇ ਕੰਟਰੋਲ ਹੇਠ ਕਰ ਦਿੱਤਾ ਸੀ। ਵਿਸ਼ਵ ਦੇ ਨੰਬਰ ਇਕ ਗੇਂਦਬਾਜ਼ ਬੁਮਰਾਹ ਨੇ ਸਾਊਥੈਂਪਟਨ ’ਤੇ ਛਾਏ ਕਾਲੇ ਬੱਦਲਾਂ ਦਾ ਪੂਰਾ ਲਾਹਾ ਲਿਆ ਅਤੇ ਚੌਥੇ ਓਵਰ ਵਿੱਚ ਹੀ ਤਜਰਬੇਕਾਰ ਬੱਲੇਬਾਜ਼ ਹਾਸ਼ਿਮ ਅਮਲਾ ਨੂੰ ਪੈਵੇਲੀਅਨ ਭੇਜ ਕੇ ਭਾਰਤੀ ਦਰਸ਼ਕਾਂ ਨੂੰ ਕੀਲ ਲਿਆ। ਜ਼ਖ਼ਮੀ ਹੋਣ ਕਾਰਨ ਬੰਗਲਾਦੇਸ਼ ਖਿਲਾਫ਼ ਪਿਛਲੇ ਮੈਚ ਵਿੱਚ ਨਾ ਖੇਡ ਸਕਣ ਵਾਲੇ ਅਮਲਾ ਨੇ ਵਧੇਰੇ ਉਛਾਲ ਵਾਲੀ ਗੇਂਦ ਨੂੰ ਰੱਖਿਆਤਮਕ ਤੌਰ ’ਤੇ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਉਨ੍ਹਾਂ ਦੇ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਦੂਜੀ ਸਲਿੱਪ ਵਿੱਚ ਖੜੇ ਰੋਹਿਤ ਸ਼ਰਮਾ ਦੇ ਹੱਥਾਂ ਵਿੱਚ ਚਲੀ ਗਈ। ਬੁਮਰਾਹ ਨੇ ਅਗਲੇ ਓਵਰ ਵਿੱਚ ਕਵਿੰਟਨ ਡਿਕਾਕ(10) ਨੂੰ ਆਊਟ ਕਰਕੇ ਦੱਖਣੀ ਅਫਰੀਕਾ ਨੂੰ ਕਰੜਾ ਝਟਕਾ ਦਿੱਤਾ। ਡਿਕਾਕ ਭਾਰਤ ਖ਼ਿਲਾਫ਼ ਚੰਗੀਆਂ ਪਾਰੀਆਂ ਖੇਡਦਾ ਰਿਹਾ ਹੈ ਪਰ ਬੁਮਰਾਹ ਦੀ ਆਫ ਸਟੰਪ ਤੋਂ ਬਾਹਰ ਜਾਂਦੀ ਗੇਂਦ ਨੂੰ ਖੇਡਣ ਦਾ ਉਨ੍ਹਾਂ ਦਾ ਫੈਸਲਾ ਗਲਤ ਸਾਬਤ ਹੋਇਆ, ਜੋ ਬੱਲੇ ਨਾਲ ਟਕਰਾ ਕੇ ਤੀਜੀ ਸਲਿਪ ਵਿੱਚ ਚਲੀ ਗਈ, ਜਿਥੇ ਕਪਤਾਨ ਵਿਰਾਟ ਕੋਹਲੀ ਨੇ ਖੂਬਸੂਰਤ ਕੈਚ ਲਿਆ। ਡੁਪਲੇਸਿਸ ਅਤੇ ਰੋਸੀ ਵਾਨ ਡਰ ਡੁਸੇਨ (22) ਨੇ ਦੋ ਵਿਕਟਾਂ ’ਤੇ 24 ਦੌੜਾਂ ਦੇ ਸਕੋਰ ’ਤੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ’ਤੇ ਦਬਾਅ ਬਣਾਈ ਰੱਖਿਆ ਅਤੇ ਉਨ੍ਹਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ।
ਕੋਹਲੀ ਨੇ 12ਵੇਂ ਓਵਰ ਵਿੱਚ ਕੁਲਦੀਪ ਨੂੰ ਫਿਰਕੀ ਗੇਂਦਬਾਜ਼ੀ ਲਈ ਲਿਆਂਦਾ। ਜਦੋਂ ਪਹਿਲੇ ਤਿੰਨ ਓਵਰਾਂ ਵਿੱਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਤਾਂ 18ਵੇਂ ਓਵਰ ਵਿੱਚ ਚਹਿਲ ਨੂੰ ਗੇਂਦ ਦਿੱਤੀ ਗਈ, ਜਿਸ ਤੋਂ ਬਾਅਦ ਦੱਖਣੀ ਅਫਰੀਕਾ ਨੇ 11 ਦੋੜਾਂ ਅੰਦਰ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਉਸ ਨੇ ਵਾਨ ਡੇ ਡੁਸੇਨ ਨੂੰ ਰਿਵਰਸ ਸਵੀਪ ਦਾ ਲਾਲਚ ਦੇ ਕੇ ਖੂਬਸੂਰਤ ਲੈੱਗ ਬਰੇਕ ’ਤੇ ਬੋਲਡ ਕੀਤਾ। ਇਨ੍ਹਾਂ ਦੋਵਾਂ ਨੇ ਤੀਜੇ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਜੇਪੀ ਡੁਮਿਨੀ(3) ਨੂੰ ਐਲਬੀਡਬਲਿਊ ਕੀਤਾ। ਮਿਲਰ ਅਤੇ ਫੇਲੁਕਵਾਓ ਨੇ ਚੰਗੀ ਸ਼ੁਰੂਆਤ ਕੀਤੀ ਪਰ ਚਹਿਲ ਨੇ ਉਨ੍ਹਾਂ ਨੂੰ ਲੰਮੀਆਂ ਪਾਰਟੀਆਂ ਨਹੀਂ ਖੇਡਣ ਦਿੱਤੀਆਂ। ਮਿਲਰ ਨੇ ਡਰਾਈਵ ਦੇ ਚੱਕਰ ਵਿੱਚ ਚਹਿਲ ਨੂੰ ਕੈਚ ਦਿੱਤਾ। ਇਸ ਤੋਂ ਬਾਅਦ ਮੌਰਿਸ ਅਤੇ ਰਬਾਡਾ ਨੇ ਚੰਗੀ ਬੱਲੇਬਾਜ਼ੀ ਕੀਤੀ ਅਤੇ ਦੱਖਣੀ ਅਫਰੀਕਾ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਮੌਰਿਸ ਨੇ ਚਹਿਲ ਨੂੰ ਦੋ ਛੱਕੇ ਲਗਾਏ। ਭੁਵਨੇਸ਼ਵਰ ਨੇ ਮੌਰਿਸ ਅਤੇ ਇਮਰਾਨ ਤਾਹਿਰ(0) ਦੀ ਵਿਕਟ ਪਾਰੀ ਦੇ ਅੰਤਿਮ ਓਵਰ ਵਿੱਚ ਲਈ।