ਅਬੂ ਧਾਬੀ, 15 ਜੁਲਾਈ
ਭਾਰਤ ਅਤੇ ਯੂਏਈ ਆਪੋ-ਆਪਣੇ ਮੁਲਕਾਂ ਦੀਆਂ ਕਰੰਸੀਆਂ ’ਚ ਵਪਾਰ ਕਰਨ ਅਤੇ ਭਾਰਤੀ ਯੂਨੀਫਾਈਡ ਪੇਮੈਂਟਸ ਇੰਟਰਫੇਸ ਨੂੰ ਖਾੜੀ ਮੁਲਕ ਦੇ ਇੰਸਟੈਂਟ ਪੇਮੈਂਟ ਪਲੈਟਫਾਮ ਨਾਲ ਜੋੜਨ ਲਈ ਸਹਿਮਤ ਹੋ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੌਰੇ ਮਗਰੋਂ ਅਬੂ ਧਾਬੀ ਪੁੱਜਣ ’ਤੇ ਯੂਏਈ ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨਾਲ ਵਿਆਪਕ ਚਰਚਾ ਕੀਤੀ। ਯੂਏਈ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਆਪਣੇ ਬਿਆਨ ’ਚ ਮੋਦੀ ਨੇ ਕਿਹਾ ਕਿ ਆਪੋ-ਆਪਣੀਆਂ ਕਰੰਸੀਆਂ ’ਚ ਵਪਾਰ ਸਬੰਧੀ ਸਮਝੌਤੇ ਨਾਲ ਦੋਵਾਂ ਮੁਲਕਾਂ ਵਿਚਕਾਰ ਮਜ਼ਬੂਤ ਆਰਥਿਕ ਸਹਿਯੋਗ ਅਤੇ ਦੁਵੱਲੇ ਵਿਸ਼ਵਾਸ ਦਾ ਪਤਾ ਲੱਗਦਾ ਹੈ। ਬਾਅਦ ’ਚ ਵਿਸ਼ੇਸ਼ ਦਾਅਵਤ ’ਚ ਮੋਦੀ ਨੂੰ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ ਜਿਸ ਮਗਰੋਂ ਪ੍ਰਧਾਨ ਮੰਤਰੀ ਵਤਨ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਮੋਦੀ ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸਫਲ ਦੌਰਿਆਂ ਮਗਰੋਂ ਅੱਜ ਨਵੀਂ ਦਿੱਲੀ ਪਰਤ ਆਏ ਹਨ।