ਮੁੰਬਈ, ਮਜ਼ਬੂਤ ਦਾਅਵੇਦਾਰ ਭਾਰਤ ਨੇ ਫਾਈਨਲ ਵਿੱਚ ਮੇਜ਼ਬਾਨ ਇੰਗਲੈਂਡ ਨੂੰ 36 ਦੌੜਾਂ ਨਾਲ ਹਰਾ ਕੇ ਸ਼ੁਰੂਆਤੀ ਟੀ-20 ਸਰੀਰਕ ਦਿਵਿਆਂਗਤਾ ਵਿਸ਼ਵ ਸੀਰੀਜ਼ ਖ਼ਿਤਾਬ ਆਪਣੇ ਨਾਮ ਕਰ ਲਿਆ। ਮੰਗਲਵਾਰ ਨੂੰ ਬਲੈਕਫਿੰਚ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 180 ਦੌੜਾਂ ਬਣਾਈਆਂ।
ਇਸ ਮਗਰੋਂ ਟੀਮ ਨੇ ਇੰਗਲੈਂਡ ਨੂੰ ਨੌਂ ਵਿਕਟਾਂ ਪਿੱਛੇ 144 ਦੌੜਾਂ ’ਤੇ ਰੋਕ ਕੇ ਟਰਾਫ਼ੀ ਜਿੱਤ ਲਈ। ਮੱਧ ਕ੍ਰਮ ਦੇ ਬੱਲੇਬਾਜ਼ ਆਰ ਜੀ ਸਾਂਤੇ ਨੇ 34 ਗੇਂਦਾਂ ਵਿੱਚ ਤੇਜ਼ੀ ਨਾਲ 53 ਦੌੜਾਂ ਬਣਾਈਆਂ, ਜਿਸ ਵਿੱਚ ਦੋ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਸਲਾਮੀ ਬੱਲੇਬਾਜ਼ ਕੇਡੀ ਫਾਂਸੇ (36 ਦੌੜਾਂ), ਵਿਕਰਾਂਤ ਕੇਨੀ (29 ਦੌੜਾਂ) ਅਤੇ ਐੱਸ ਮਹਿੰਦਰਨ (33 ਦੌੜਾਂ) ਨੇ ਵੀ ਵਧੀਆ ਯੋਗਦਾਨ ਪਾਇਆ। ਬੀਸੀਸੀਆਈ ਨੇ ਟੀਮ ਨੂੰ ਮਾਨਤਾ ਦੇ ਦਿੱਤੀ ਹੈ, ਪਰ ਉਸ ਨੂੰ ਕੋਈ ਵਿੱਤੀ ਮਦਦ ਮੁਹੱਈਆ ਨਹੀਂ ਕਰਵਾਈ।
ਬੀਸੀਸੀਆਈ ਨੇ ਟੀਮ ਨੂੰ ਇਸ ਪ੍ਰਾਪਤੀ ਲਈ ਟਵਿੱਟਰ ’ਤੇ ਵਧਾਈ ਦਿੱਤੀ। ਟੀਮ ਨੂੰ ਮੁੰਬਈ ਦਾ ਸਾਬਕਾ ਕੋਚ ਸੁਲੱਖਣ ਕੁਲਕਰਨੀ ਕੋਚਿੰਗ ਦੇ ਰਿਹਾ ਹੈ। ਬੀਸੀਸੀਆਈ ਨੇ ਟਵਿੱਟਰ ’ਤੇ ਲਿਖਿਆ, ‘‘ਭਾਰਤ ਨੇ ਫਾਈਨਲ ਵਿੱਚ ਇੰਗਲੈਂਡ ਨੂੰ 36 ਦੌੜਾਂ ਨਾਲ ਹਰਾ ਕੇ ਸਰੀਰਕ ਦਿਵਿਆਂਗਤਾ ਵਿਸ਼ਵ ਕ੍ਰਿਕਟ ਸੀਰੀਜ਼ 2019 ਜਿੱਤ ਲਈ।’’ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ੀ ਵਸੀਮ ਜ਼ਫ਼ਰ ਨੇ ਵੀ ਟੀਮ ਨੂੰ ਵਧਾਈ ਦਿੱਤੀ।