ਮੁੰਬਈ, 12 ਦਸੰਬਰ
ਭਾਰਤ ਨੇ ਕੇਐੱਲ ਰਾਹੁਲ, ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ ਦੀ ਤਿੱਕੜੀ ਦੇ ਸ਼ਾਨਦਾਰ ਨੀਮ-ਸੈਂਕੜਿਆਂ ਦੀ ਬਦੌਲਤ ਵੈਸਟ ਇੰਡੀਜ਼ ਨੂੰ ਤੀਜੇ ਅਤੇ ਫ਼ੈਸਲਾਕੁਨ ਮੈਚ ਵਿੱਚ 67 ਦੌੜਾਂ ਨਾਲ ਹਰਾ ਕੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਭਾਰਤ ਨੇ ਤਿੰਨ ਵਿਕਟਾਂ ’ਤੇ 240 ਦੌੜਾਂ ਬਣਾਈਆਂ, ਜਦੋਂਕਿ ਮਹਿਮਾਨ ਟੀਮ ਅੱਠ ਵਿਕਟਾਂ ਗੁਆ ਕੇ 173 ਦੌੜਾਂ ਹੀ ਬਣਾ ਸਕੀ।
ਭਾਰਤ ਨੇ ਇਸ ਵੰਨਗੀ ਵਿੱਚ ਸ੍ਰੀਲੰਕਾ ਖ਼ਿਲਾਫ਼ ਇੰਦੌਰ ਵਿੱਚ ਸਾਲ 2017 ਵਿੱਚ ਪੰਜ ਵਿਕਟਾਂ ’ਤੇ 260 ਦੌੜਾਂ ਬਣਾਈਆਂ ਸਨ, ਜੋ ਉਸ ਦਾ ਸਰਵੋਤਮ ਸਕੋਰ ਸੀ। ਇਸੇ ਤਰ੍ਹਾਂ ਲਾਡੇਰਹਿੱਲ ਵਿੱਚ 2016 ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਚਾਰ ਵਿਕਟਾਂ ’ਤੇ 244 ਦੌੜਾਂ ਬਣਾਈਆਂ ਸਨ। ਵਾਨਖੇੜੇ ਸਟੇਡੀਅਮ ਵਿੱਚ ਇਹ ਕਿਸੇ ਟੀਮ ਦਾ ਟੀ-20 ਕ੍ਰਿਕਟ ਵਿੱਚ ਸਰਵੋਤਮ ਸਕੋਰ ਹੈ। ਆਲੋਚਨਾ ਝੱਲ ਰਿਹਾ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ (ਸਿਫ਼ਰ) ਇਸ ਵਾਰ ਵੀ ਅਸਫਲ ਰਿਹਾ। ਭਾਰਤ ਨੇ ਹੈਦਰਾਬਾਦ ’ਚ ਪਹਿਲਾ ਮੈਚ ਛੇ ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਤਿਰੂਵਨੰਤਪੁਰਮ ਵਿੱਚ ਦੂਜਾ ਮੈਚ ਅੱਠ ਵਿਕਟਾਂ ਨਾਲ ਹਾਰ ਗਿਆ ਸੀ।
ਵੈਸਟ ਇੰਡੀਜ਼ ਦਾ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਪੁੱਠਾ ਪੈ ਗਿਆ। ਰਾਹੁਲ ਨੇ 56 ਗੇਂਦਾਂ ਵਿੱਚ ਨੌਂ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 91 ਦੌੜਾਂ ਬਣਾਈਆਂ, ਜਦਕਿ ਰੋਹਿਤ ਨੇ 34 ਗੇਂਦਾਂ ’ਤੇ 71 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਛੇ ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਦੋਵਾਂ ਨੇ ਪਹਿਲੀ ਵਿਕਟ ਲਈ ਸਿਰਫ਼ 11.4 ਓਵਰਾਂ ਵਿੱਚ 135 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਨੇ ਪਹਿਲੇ ਛੇ ਓਵਰਾਂ ਵਿੱਚ 72 ਦੌੜਾਂ ਬਣਾ ਲਈਆਂ। ਰੋਹਿਤ ਨੇ ਆਪਣਾ ਨੀਮ ਸੈਂਕੜਾ 23 ਗੇਂਦਾਂ ਵਿੱਚ ਅਤੇ ਰਾਹੁਲ ਨੇ 29 ਗੇਂਦਾਂ ਵਿੱਚ ਪੂਰਾ ਕੀਤਾ। ਬਾਅਦ ਵਿੱਚ ਕੋਹਲੀ ਅਤੇ ਰਾਹੁਲ ਨੇ 45 ਗੇਂਦਾਂ ਵਿੱਚ 95 ਦੌੜਾਂ ਦੀ ਭਾਈਵਾਲੀ ਕੀਤੀ। ਕੋਹਲੀ ਨੇ 29 ਗੇਂਦਾਂ ਵਿੱਚ ਨਾਬਾਦ 70 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ। ਰੋਹਿਤ ਨੇ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੇਲ ਨੂੰ ਚੌਕਾ ਮਾਰ ਕੇ ਆਪਣੇ ਹੱਥ ਖੋਲ੍ਹੇ। ਜੇਸਨ ਹੋਲਡਰ ਦੇ ਦੂਜੇ ਓਵਰ ਵਿੱਚ ਰਾਹੁਲ ਨੇ ਥਰਡਮੈਨ ਵਿੱਚ ਲਗਾਤਾਰ ਦੋ ਚੌਕੇ ਲਗਾਏ। ਇਸ ਮਗਰੋਂ ਰੋਹਿਤ ਨੇ ਕੋਟਰੇਲ ਨੂੰ ਛੱਕਾ ਅਤੇ ਚੌਕਾ ਮਾਰਿਆ। ਕੌਮਾਂਤਰੀ ਕ੍ਰਿਕਟ ਵਿੱਚ ਇਹ ਰੋਹਿਤ ਦਾ 400 ਵਾਂ ਛੱਕਾ ਸੀ ਅਤੇ ਉਹ ਇਸ ਅੰਕੜੇ ਨੂੰ ਛੂਹਣ ਵਾਲਾ ਪਹਿਲਾ ਭਾਰਤੀ ਬਣ ਗਿਆ। ਖੱਬੇ ਹੱਥ ਦੇ ਸਪਿੰਨਰ ਖਾਰੀ ਪੀਅਰੇ ਦਾ ਸਵਾਗਤ ਰੋਹਿਤ ਨੇ ਛੱਕੇ ਨਾਲ ਕੀਤਾ। ਅਗਲੀ ਗੇਂਦ ’ਤੇ ਐਵਿਨ ਲੂਈਸ ਮੁਸ਼ਕਲ ਕੈਚ ਨਹੀਂ ਫੜ ਸਕਿਆ। ਰਾਹੁਲ ਨੇ ਕਾਸਰਿਕ ਵਿਲੀਅਮਜ਼ ਦੇ ਅਗਲੇ ਓਵਰ ਵਿੱਚ ਦੋ ਚੌਕੇ ਅਤੇ ਇੱਕ ਛੱਕਾ ਜੜਿਆ। ਇਸ ਮਗਰੋਂ ਰੋਹਿਤ ਨੇ ਪੀਅਰੇ ਨੂੰ ਲਗਾਤਾਰ ਦੋ ਛੱਕੇ ਅਤੇ ਇੱਕ ਚੌਕਾ ਮਾਰਿਆ। ਭਾਰਤ ਦਾ ਸਕੋਰ ਦਸ ਓਵਰਾਂ ਵਿੱਚ 116 ਦੌੜਾਂ ਹੋ ਗਿਆ।