ਕਟਕ, 23 ਦਸੰਬਰ
ਰੋਹਿਤ ਸ਼ਰਮਾ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਦੀ ਤਿੱਕੜੀ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਤੀਜੇ ਅਤੇ ਫ਼ੈਸਲਾਕੁਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਵੈਸਟ ਇੰਡੀਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਵਿੰਡੀਜ਼ ਖ਼ਿਲਾਫ਼ ਭਾਰਤ ਨੇ ਲਗਾਤਾਰ ਦਸਵੀਂ ਇੱਕ ਰੋਜ਼ਾ ਲੜੀ ਜਿੱਤੀ ਹੈ।
ਵੈਸਟ ਇੰਡੀਜ਼ ਦੇ 316 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਕੋਹਲੀ (85 ਦੌੜਾਂ) ਤੋਂ ਇਲਾਵਾ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ (77 ਦੌੜਾਂ) ਅਤੇ ਰੋਹਿਤ ਸ਼ਰਮਾ (33 ਦੌੜਾਂ) ਦੇ ਨੀਮ ਸੈਂਕੜਿਆਂ ਨਾਲ 48.4 ਓਵਰਾਂ ਵਿੱਚ ਛੇ ਵਿਕਟਾਂ ’ਤੇ 316 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਕੋਹਲੀ ਨੇ ਰਵਿੰਦਰ ਜਡੇਜਾ (ਨਾਬਾਦ 39 ਦੌੜਾਂ) ਨਾਲ ਛੇਵੀਂ ਵਿਕਟ ਲਈ 58 ਦੌੜਾਂ ਜੋੜੀਆਂ, ਜਦਕਿ ਰਾਹੁਲ ਅਤੇ ਰੋਹਿਤ ਨੇ ਪਹਿਲੀ ਵਿਕਟ ਲਈ 122 ਦੌੜਾਂ ਦੀ ਭਾਈਵਾਲੀ ਕੀਤੀ। ਸ਼ਰਦੁਲ ਠਾਕੁਰ ਨੇ ਛੇ ਗੇਂਦਾਂ ਵਿੱਚ ਨਾਬਾਦ 17 ਦੌੜਾਂ ਦੀ ਅਹਿਮ ਪਾਰੀ ਖੇਡੀ।
ਨਿਕੋਲਸ ਪੂਰਨ ਅਤੇ ਕਪਤਾਨ ਕੀਰੋਨ ਪੋਲਾਰਡ ਦੇ ਨੀਮ ਸੈਂਕੜਿਆਂ ਦੀ ਬਦੌਲਤ ਵੈਸਟ ਇੰਡੀਜ਼ ਨੇ ਹੌਲੀ ਸ਼ੁਰੂਆਤ ਤੋਂ ਉਭਰਦਿਆਂ ਭਾਰਤ ਖ਼ਿਲਾਫ਼ ਪੰਜ ਵਿਕਟਾਂ ’ਤੇ 315 ਦੌੜਾਂ ਬਣਾਈਆਂ। ਪੂਰਨ ਨੇ 64 ਗੇਂਦਾਂ ਵਿੱਚ 10 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 89 ਦੌੜਾਂ ਦੀ ਪਾਰੀ ਖੇਡੀ। ਉਸ ਨੇ ਕਪਤਾਨ ਪੋਲਾਰਡ (ਨਾਬਾਦ 74 ਦੌੜਾਂ) ਨਾਲ ਪੰਜਵੀਂ ਵਿਕਟ ਲਈ 16.2 ਓਵਰਾਂ ਵਿੱਚ 135 ਦੌੜਾਂ ਦੀ ਭਾਈਵਾਲੀ ਕੀਤੀ। ਸ਼ਾਈ ਹੋਪ (42 ਦੌੜਾਂ) ਅਤੇ ਰੋਸਟਨ ਚੇਜ਼ (38 ਦੌੜਾਂ) ਨੇ ਵੀ ਸ਼ਾਨਦਾਰ ਪਾਰੀਆਂ ਖੇਡੀਆਂ। ਪੋਲਾਰਡ ਨੇ 51 ਗੇਂਦਾਂ ਦੀ ਆਪਣੀ ਪਾਰੀ ਦੌਰਾਨ ਸੱਤ ਛੱਕੇ ਅਤੇ ਤਿੰਨ ਚੌਕੇ ਮਾਰੇ। ਉਸ ਦੀ ਅਤੇ ਪੂਰਨ ਦੀ ਭਾਈਵਾਲੀ ਦੀ ਬਦੌਲਤ ਵੈਸਟ ਇੰਡੀਜ਼ ਆਖ਼ਰੀ ਦਸ ਓਵਰਾਂ ਵਿੱਚ 118 ਦੌੜਾਂ ਜੋੜਨ ਵਿੱਚ ਸਫਲ ਰਿਹਾ। ਭਾਰਤ ਵੱਲੋਂ ਨਵਦੀਪ ਸੈਣੀ ਨੇ 58 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਸ਼ਰਦੁਲ ਠਾਕੁਰ (66 ਦੌੜਾਂ ਦੇ ਕੇ), ਮੁਹੰਮਦ ਸ਼ਮੀ (66 ਦੌੜਾਂ ਦੇ ਕੇ) ਅਤੇ ਰਵਿੰਦਰ ਜਡੇਜਾ (54 ਦੌੜਾਂ ਦੇ ਕੇ) ਨੂੰ ਇੱਕ-ਇੱਕ ਵਿਕਟ ਮਿਲੀ।
ਲੜੀ ਵਿੱਚ ਪਹਿਲੀ ਵਾਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸ਼ਾਨਦਾਰ ਲੈਅ ਵਿੱਚ ਚੱਲ ਰਹੇ ਸ਼ਾਈ ਹੋਪ ਅਤੇ ਐਵਿਨ ਲੂਈਸ (21 ਦੌੜਾਂ) ਨੇ ਪਹਿਲੀ ਵਿਕਟ ਲਈ 15 ਓਵਰਾਂ ਵਿੱਚ 57 ਦੌੜਾਂ ਜੋੜ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਸੈਣੀ ਦੇ ਤੀਜੇ ਓਵਰ ਵਿੱਚ ਲੂਈਸ ਖ਼ੁਸ਼ਕਿਸਮਤ ਰਿਹਾ, ਜਦੋਂ ਰਵਿੰਦਰ ਜਡੇਜਾ ਉਸ ਦਾ ਕੈਚ ਨਹੀਂ ਲੈ ਸਕਿਆ। ਹੋਪ ਅਤੇ ਲੂਈਸ ਨੇ 13ਵੇਂ ਓਵਰ ਵਿੱਚ ਟੀਮ ਦਾ ਸਕੋਰ 50 ਦੌੜਾਂ ਤੋਂ ਪਾਰ ਪਹੁੰਚਾਇਆ। ਲੂਈਸ ਹਾਲਾਂਕਿ ਜਡੇਜਾ ਦੇ ਪਹਿਲੇ ਓਵਰ ਦੀ ਆਖ਼ਰੀ ਗੇਂਦ ’ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਸੈਣੀ ਨੂੰ ਕੈਚ ਦੇ ਬੈਠਾ। ਕੁਲਦੀਪ ਯਾਦਵ ਦੇ ਅਗਲੇ ਓਵਰ ਵਿੱਚ ਰੋਸਟਨ ਚੇਜ਼ (38 ਦੌੜਾਂ) ਖ਼ੁਸ਼ਕਿਸਮਤ ਰਿਹਾ, ਜਦੋਂ ਵਿਕਟਕੀਪਰ ਰਿਸ਼ਭ ਪੰਤ ਨੇ ਉਸ ਦਾ ਕੈਚ ਛੱਡ ਦਿੱਤਾ। ਇਸ ਸਮੇਂ ਚੇਜ਼ ਨੇ ਖ਼ਾਤਾ ਵੀ ਨਹੀਂ ਖੋਲ੍ਹਿਆ ਸੀ। ਹੋਪ ਇਸ ਮਗਰੋਂ ਸ਼ਮੀ ਦੀ ਗੇਂਦ ’ਤੇ ਬੋਲਡ ਆਊਟ ਹੋ ਗਿਆ।