ਹੀਰੋਸ਼ੀਮਾ, 17 ਜੂਨ
ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਟੀਮ ਨੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਹੀਰੋਸ਼ੀਮਾ 2019 ਵਿੱਚ ਅੱਜ ਪੋਲੈਂਡ ਨੂੰ 5-0 ਗੋਲਾਂ ਨਾਲ ਤਕੜੀ ਸ਼ਿਕਸਤ ਦਿੱਤੀ। ਮੈਚ ਦੇ ਸ਼ੁਰੂ ਤੋਂ ਹੀ ਭਾਰਤ ਨੇ ਹਮਲਾਵਰ ਰੁਖ਼ ਬਣਾ ਕੇ ਰੱਖਿਆ, ਜਿਸ ਦਾ ਉਸ ਨੂੰ ਫ਼ਾਇਦਾ ਵੀ ਮਿਲਿਆ।
ਦੂਜੇ ਪਾਸੇ ਪੋਲੈਂਡ ਦੇ ਡਿਫੈਂਡਰ ਲਗਾਤਾਰ ਦਬਾਅ ਵਿੱਚ ਰਹੇ। ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਮਗਰੋਂ ਦੂਜੇ ਕੁਆਰਟਰ ਵਿੱਚ ਨਵਜੋਤ ਕੌਰ ਦੇ ਪਾਸ ਨੂੰ ਜੋਤੀ ਨੇ ਗੋਲ ਵਿੱਚ ਬਦਲ ਕੇ 21ਵੇਂ ਮਿੰਟ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ। ਦੂਜਾ ਕੁਆਰਟਰ ਖ਼ਤਮ ਹੋਣ ਤੋਂ ਪੰਜ ਮਿੰਟ ਪਹਿਲਾਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਵੰਦਨਾ ਕਟਾਰੀਆ ਨੇ 26ਵੇਂ ਮਿੰਟ ਵਿੱਚ ਗੋਲ ਵਿੱਚ ਬਦਲ ਦਿੱਤਾ। ਇਸ ਤੋਂ ਦੋ ਮਿੰਟ ਮਗਰੋਂ ਗੁਰਜੀਤ ਨੇ ਇੱਕ ਹੋਰ ਗੋਲ ਦਾਗ਼ ਕੇ ਭਾਰਤੀ ਟੀਮ ਨੂੰ 3-0 ਨਾਲ ਅੱਗੇ ਕਰ ਦਿੱਤਾ। ਹਾਫ਼ ਮਗਰੋਂ ਮੈਚ ਦੇ 35ਵੇਂ ਮਿੰਟ ਵਿੱਚ ਗੁਰਜੀਤ ਨੇ ਪੈਨਲਟੀ ਸਟ੍ਰੋਕ ਦੀ ਮਦਦ ਨਾਲ ਆਪਣਾ ਦੂਜਾ ਗੋਲ ਕੀਤਾ, ਜਿਸ ਕਾਰਨ ਭਾਰਤੀ ਟੀਮ ਨੇ 4-0 ਦੀ ਲੀਡ ਬਣਾ ਲਈ। ਚੌਥਾ ਤੇ ਆਖ਼ਰੀ ਕੁਆਰਟਰ ਦੋਵਾਂ ਟੀਮਾਂ ਲਈ ਥੋੜ੍ਹਾ ਮੁਸ਼ਕਲ ਰਿਹਾ।
ਅਖ਼ੀਰ ਭਾਰਤ ਨੇ ਪੋਲੈਂਡ ਦੇ ਡਿਫੈਂਸ ਵਿੱਚ ਸੰਨ੍ਹ ਲਾਉਂਦਿਆਂ ਗੇਂਦ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਸੀਟੀ ਵੱਜਣ ਤੋਂ ਚਾਰ ਮਿੰਟ ਪਹਿਲਾਂ ਨਵਨੀਤ ਨੇ ਇੱਕ ਹੋਰ ਗੋਲ ਕਰਕੇ ਆਪਣੀ ਟੀਮ ਦੀ ਲੀਡ ਪੰਜ ਗੋਲਾਂ ਦੀ ਕਰ ਦਿੱਤੀ। ਉਸ ਤੋਂ ਬਾਅਦ ਭਾਰਤ ਵੱਲੋਂ ਇੱਕ ਹੋਰ ਗੋਲ ਦੀ ਕੋਸ਼ਿਸ਼ ਕੀਤੀ ਗਈ, ਪਰ ਵਿਰੋਧੀ ਟੀਮ ਦੀ ਗੋਲਕੀਪਰ ਗਾਬਰਾ ਨੇ ਇਸ ਦਾ ਜ਼ਬਰਦਸਤ ਬਚਾਅ ਕੀਤਾ। ਭਾਰਤ ਨੇ ਇਹ ਮੈਚ 5-0 ਨਾਲ ਜਿੱਤ ਲਿਆ।