ਭੁਬਨੇਸ਼ਵਰ, 20 ਜਨਵਰੀ
ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿੱਚ ਪੱਛੜਣ ਮਗਰੋਂ ਵਾਪਸੀ ਕਰਦਿਆਂ ਸ਼ੂਟ-ਆਊਟ ਵਿੱਚ ਨੀਦਰਲੈਂਡ ਨੂੰ 3-1 ਨਾਲ ਹਰਾਇਆ। ਭਾਰਤ ਨੇ ਮੈਚ ਵਿੱਚ ਦੋ ਅੰਕ ਲਏ, ਜਿਸ ਵਿੱਚ ਸ਼ੂਟ-ਆਊਟ ਵਿੱਚ ਜਿੱਤਣ ਦਾ ਬੋਨਸ ਅੰਕ ਸ਼ਾਮਲ ਹੈ। ਇਸੇ ਤਰ੍ਹਾਂ ਤੈਅ ਸਮੇਂ ਤੱਕ 3-3 ਨਾਲ ਬਰਾਬਰੀ ’ਤੇ ਰਹਿਣ ਕਾਰਨ ਨੀਦਰਲੈਂਡ ਨੂੰ ਇੱਕ ਅੰਕ ਮਿਲਿਆ। ਭਾਰਤ ਨੇ ਸ਼ਨਿੱਚਰਵਾਰ ਨੂੰ ਐੱਫਆਈਐੱਚ ਪ੍ਰੋ ਲੀਗ ਦੇ ਆਪਣੇ ਪਹਿਲੇ ਮੈਚ ਵਿੱਚ ਨੀਦਰਲੈਂਡ ਨੂੰ 5-2 ਨਾਲ ਹਰਾਇਆ ਸੀ। ਹੁਣ ਭਾਰਤ ਦੇ ਸੰਭਾਵੀ ਛੇ ਵਿੱਚੋਂ ਪੰਜ ਅੰਕ ਹਨ।
ਦੂਜੇ ਮੈਚ ਵਿੱਚ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ 1-3 ਨਾਲ ਪੱਛੜ ਰਹੀ ਸੀ। ਚੌਥੇ ਅਤੇ ਆਖ਼ਰੀ ਕੁਆਰਟਰ ਵਿੱਚ ਮਨਦੀਪ ਸਿੰਘ (51ਵੇਂ ਮਿੰਟ) ਅਤੇ ਰੁਪਿੰਦਰਪਾਲ ਸਿੰਘ (55ਵੇਂ ਮਿੰਟ) ਨੇ ਗੋਲ ਕਰਕੇ ਟੀਮ ਨੂੰ ਬਰਾਬਰੀ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਲਲਿਤ ਉਪਾਧਿਆਇ ਨੇ 25ਵੇਂ ਮਿੰਟ ਵਿੱਚ ਭਾਰਤ ਲਈ ਪਹਿਲਾ ਗੋਲ ਕੀਤਾ ਸੀ। ਨੀਦਰਲੈਂਡ ਲਈ ਵੀਰਡੇਨ ਵਨ ਡੇਰ ਮਿੰਕ (24ਵੇਂ ਮਿੰਟ), ਜੇਰੋਨ ਹਰਟਜ਼ਬਰਗ (26ਵੇਂ) ਅਤੇ ਕੈਲਰਮੈਨ ਬਯੋਰਨ (27ਵੇਂ ਮਿੰਟ) ਨੇ ਗੋਲ ਕੀਤੇ।ਸ਼ੂਟ-ਆਊਟ ਵਿੱਚ ਵਿਵੇਕ ਸਾਗਰ ਪ੍ਰਸਾਦ, ਆਕਾਸ਼ਦੀਪ ਸਿੰਘ ਅਤੇ ਗੁਰਜੰਟ ਸਿੰਘ ਨੇ ਗੋਲ ਕੀਤੇ, ਜਦਕਿ ਹਰਮਨਪ੍ਰੀਤ ਸਿੰਘ ਅਤੇ ਰੁਪਿੰਦਰ ਖੁੰਝ ਗਏ। ਡੱਚ ਟੀਮ ਲਈ ਮਿਰਕੋ ਪਰੂਜ਼ਸੇਰ ਨੇ ਗੋਲ ਦਾਗ਼ਿਆ, ਜਦਕਿ ਗਲੇਨ ਸ਼ਰਮੈਨ, ਥੀਅਰੇ ਬ੍ਰਿੰਕਮੈਨ ਅਤੇ ਜੇਰੋਨ ਹਰਟਜ਼ਬਰਗ ਦੇ ਨਿਸ਼ਾਨੇ ਖੁੰਝੇ।
ਹੁਣ ਵਿਸ਼ਵ ਚੈਂਪੀਅਨ ਬੈਲਜੀਅਮ ਅੱਠ ਅਤੇ ਨੌਂ ਫਰਵਰੀ ਨੂੰ ਇੱਥੇ ਖੇਡੇਗੀ, ਜਦਕਿ 22 ਅਤੇ 23 ਫਰਵਰੀ ਨੂੰ ਮੇਜ਼ਬਾਨ ਨੇ ਆਸਟਰੇਲੀਆ ਨਾਲ ਖੇਡਣਾ ਹੈ। ਭਾਰਤ ਇਸ ਮਗਰੋਂ ਜਰਮਨੀ (25 ਅਤੇ 26 ਅਪਰੈਲ) ਅਤੇ ਬਰਤਾਨੀਆ (ਦੋ ਅਤੇ ਤਿੰਨ ਮਈ) ਵਿੱਚ ਖੇਡੇਗਾ। ਦੇਸ਼ ਪਰਤਣ ਮਗਰੋਂ 23 ਅਤੇ 24 ਮਈ ਨੂੰ ਨਿਊਜ਼ੀਲੈਂਡ ਨਾਲ ਖੇਡਣਾ ਹੈ ਅਤੇ ਫਿਰ ਪੰਜ ਅਤੇ ਛੇ ਜੂਨ ਨੂੰ ਅਰਜਨਟੀਨਾ ਵਿੱਚ ਖੇਡਣਾ ਹੋਵੇਗਾ।