ਲਖਨਊ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਸੀਰੀਜ਼ ਵਿੱਚ ਵਾਪਸੀ ਕਰ ਲਈ ਹੈ। ਝੂਲਣ ਗੋਸਵਾਮੀ ਦੀ ਵਧੀਆ ਗੇਂਦਬਾਜ਼ੀ , ਸਮਿਤੀ ਮੰਧਾਨਾ ਅਤੇ ਪੂਨਮ ਰਾਊਤ ਵਿੱਚ ਬਣੀ ਸਾਂਝੇਦਾਰੀ ਨੇ ਭਾਰਤੀ ਟੀਮ ਨੂੰ 128 ਬਾਲਾਂ ਰਹਿੰਦਿਆਂ ਨੌਂ ਵਿਕਟਾਂ ਨਾਲ ਜਿੱਤ ਦਿਵਾਈ। ਝੂਲਣ ਨੇ 10 ਓਵਰਾਂ ਵਿੱਚ 42 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਰਾਜੇਸ਼ਵਰੀ ਗਾਇਕਵਾੜ ਨੇ 37 ਦੌੜਾਂ ਦੇ ਕੇ ਤਿੰਨ ਅਤੇ ਮਾਨਸੀ ਜੋਸ਼ੀ ਨੇ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਦੱਖਣੀ ਅਫਰੀਕੀ ਟੀਮ 41 ਓਵਰਾਂ ਵਿੱਚ ਮਹਿਜ਼ 157 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਮਗਰੋਂ ਮੰਧਾਨਾ ਨੇ 64 ਗੇਂਦਾਂ ਵਿੱਚ 80 ਅਤੇ ਰਾਊਤ ਨੇ 89 ਗੇਂਦਾਂ ਵਿੱਚ 62 ਦੌੜਾਂ ਬਣਾਈਆਂ। ਦੋਵਾਂ ਨੇ ਦੂਜੀ ਵਿਕਟ ਲਈ 138 ਦੌੜਾਂ ਦੀ ਅਜੇਤੂ ਸਾਂਝੇਦਾਰੀ ਨਿਭਾਈ। ਭਾਰਤ ਨੇ 28.4 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 160 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪੰਜ ਮੈਚਾਂ ਦੀ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ ਹੈ। ਦੱਖਣੀ ਅਫਰੀਕਾ ਨੇ ਪਹਿਲਾ ਇੱਕ ਰੋਜ਼ਾ ਮੈਚ ਅੱਠ ਵਿਕਟਾਂ ਨਾਲ ਜਿੱਤਿਆ ਸੀ। ਦੱਖਣੀ ਅਫਰੀਕਾ ਵੱਲੋਂ ਲਾਰਾ ਗੁਡਾਲ ਨੇ 77 ਗੇਂਦਾਂ ਵਿੱਚ ਸਭ ਤੋਂ ਵਧੇਰੇ 49 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਸਾਨੇ ਲਿਊਸ ਨੇ 57 ਗੇਂਦਾਂ ’ਤੇ 36 ਦੌੜਾਂ ਦਾ ਯੋਗਦਾਨ ਪਾਇਆ। ਅੱਜ ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ।