ਮਾਊਂਟ ਮਾਉਂਗਨੁਈ, 29 ਜਨਵਰੀ
ਗੇਂਦਬਾਜ਼ਾਂ ਮਗਰੋਂ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਜਾ ਇੱਕ ਰੋਜ਼ਾ ਕ੍ਰਿਕਟ ਮੈਚ ਜਿੱਤ ਕੇ ਪੰਜ ਮੈਚਾਂ ਦੀ ਲੜੀ ਵਿੱਚ 3-0 ਦੀ ਲੀਡ ਬਣਾ ਲਈ ਹੈ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਵਿਰੋਧੀਆਂ ਲਈ ਖ਼ਤਰੇ ਦੀ ਘੰਟੀ ਵੀ ਵਜਾ ਦਿੱਤੀ। ਉਸ ਨੇ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ।
ਆਸਟਰੇਲੀਆ ਦੌਰੇ ’ਤੇ ਇਤਿਹਾਸਕ ਜਿੱਤ ਮਗਰੋਂ ਕਪਤਾਨ ਵਿਰਾਟ ਕੋਹਲੀ ਦੀ ਟੀਮ ਨੇ ਨਿਊਜ਼ੀਲੈਂਡ ਵਿੱਚ ਵੀ ਪਿਛਲੇ ਦਸ ਸਾਲ ਵਿੱਚ ਪਹਿਲੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ 2009 ਤੋਂ ਹੁਣ ਤੱਕ ਇੱਥੇ ਇੱਕੋ-ਇੱਕ ਇੱਕ ਰੋਜ਼ਾ ਲੜੀ ਖੇਡੀ ਸੀ, ਜਿਸ ਵਿੱਚ ਹਾਰ ਝੱਲਣੀ ਪਈ। ਪਿਛਲੇ ਇੱਕ ਸਾਲ ਵਿੱਚ ਵਿਦੇਸ਼ੀ ਧਰਤੀ ’ਤੇ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਮਗਰੋਂ ਭਾਰਤ ਦੀ ਇਹ ਤੀਜੀ ਜਿੱਤ ਹੈ। ਇੰਗਲੈਂਡ ਵਿੱਚ ਭਾਰਤੀ ਟੀਮ ਜਿੱਤ ਨਹੀਂ ਸਕੀ, ਜਿੱਥੇ ਇਸ ਸਾਲ ਵਿਸ਼ਵ ਕੱਪ ਹੋਣਾ ਹੈ। ਭਾਰਤ ਦੀ ਇਹ ਜਿੱਤ ਪੂਰੇ ਟੀਮ ਦੇ ਯਤਨ ਦਾ ਨਤੀਜਾ ਸੀ, ਜਿਸ ਵਿੱਚ ਗੇਂਦਬਾਜ਼ਾਂ ਨੇ ਪਹਿਲੇ 49 ਓਵਰਾਂ ਵਿੱਚ ਨਿਊਜ਼ੀਲੈਂਡ ਨੂੰ 243 ਦੌੜਾਂ ’ਤੇ ਢੇਰ ਕਰ ਦਿੱਤਾ। ਇੱਕ ਟੀਵੀ ਸ਼ੋਅ ਦੌਰਾਨ ਔਰਤਾਂ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਕਾਰਨ ਮੁਅੱਤਲੀ ਝੱਲ ਚੁੱਕੇ ਹਾਰਦਿਕ ਪੰਡਿਆ ਦਾ ਵਾਪਸੀ ਮਗਰੋਂ ਇਹ ਪਹਿਲਾ ਮੈਚ ਸੀ, ਜਿਸ ਵਿੱਚ ਉਸ ਨੇ ਦਸ ਓਵਰਾਂ ਵਿੱਚ 45 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਭਾਰਤ ਦੀ ਇਹ ਜਿੱਤ ਇਕਪਾਸੜ ਰਹੀ, ਜਿਸ ਵਿੱਚ ਕਪਤਾਨ ਕੋਹਲੀ ਨੇ 74 ਗੇਂਦਾਂ ਵਿੱਚ 60 ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ 77 ਗੇਂਦਾਂ ਵਿੱਚ 62 ਦੌੜਾਂ ਬਣਾਈਆਂ। ਦੋਵਾਂ ਨੇ ਦੂਜੀ ਵਿਕਟ ਲਈ 113 ਦੌੜਾਂ ਜੋੜੀਆਂ, ਜਿਸ ਨਾਲ ਭਾਰਤ ਨੇ 43 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 245 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਪਿੱਚ ਹੌਲੀ ਹੋਣ ਕਾਰਨ ਦੋਵਾਂ ਨੂੰ ਖੁੱਲ੍ਹ ਕੇ ਖੇਡਣ ਵਿੱਚ ਔਖ ਮਹਿਸੂਸ ਹੋ ਰਹੀ ਸੀ। ਭਾਰਤ ਨੇ ਪਹਿਲੀ ਵਿਕਟ ਸ਼ਿਖਰ ਧਵਨ ਵਜੋਂ ਗੁਆਈ, ਜੋ 28 ਦੌੜਾਂ ਬਣਾ ਕੇ ਟ੍ਰੈਂਟ ਬੋਲਟ ਦੀ ਗੇਂਦ ’ਤੇ ਸਲਿਪ ’ਤੇ ਕੈਚ ਦੇ ਬੈਠਿਆ।
ਇਸ ਮਗਰੋਂ ਰੋਹਿਤ ਅਤੇ ਕੋਹਲੀ ਨੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਆਪਣਾ 39ਵਾਂ ਨੀਮ ਸੈਂਕੜਾ ਮਾਰਨ ਵਾਲੇ ਰੋਹਿਤ ਨੂੰ ਸੈਂਟਨੇਰ ਨੇ ਸਟੰਪ ਆਊਟ ਕੀਤਾ। ਆਪਣੀ ਪਾਰੀ ਵਿੱਚ ਉਸ ਨੇ ਤਿੰਨ ਚੌਕੇ ਅਤੇ ਦੋ ਛੱਕੇ ਮਾਰੇ। ਉਥੇ ਇੱਕ ਰੋਜ਼ਾ ਵਿੱਚ 49ਵਾਂ ਨੀਮ ਸੈਂਕੜਾ ਮਾਰਨ ਵਾਲੇ ਕੋਹਲੀ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ। ਉਹ ਬੋਲਟ ਦੀ ਗੇਂਦ ’ਤੇ ਕੈਚ ਆਊਟ ਹੋਇਆ। ਫਿਰ ਦਿਨੇਸ਼ ਕਾਰਤਿਕ ਨੇ 38 ਗੇਂਦਾਂ ਵਿੱਚ 38 ਅਤੇ ਅੰਬਾਤੀ ਰਾਇਡੂ ਨੇ 42 ਗੇਂਦਾਂ ਵਿੱਚ 40 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਦੋਵਾਂ ਨੇ ਚੌਥੀ ਵਿਕਟ ਲਈ 77 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਬੱਲੇਬਾਜ਼ ਹੌਲੀ ਪਿੱਚ ’ਤੇ ਭਾਰਤੀ ਗੇਂਦਬਾਜ਼ੀ ਦੇ ਹਮਲੇ ਦਾ ਸਾਹਮਣਾ ਨਹੀਂ ਕਰ ਸਕੇ। ਰੋਸ ਟੇਲਰ (106 ਗੇਂਦਾਂ ਵਿੱਚ 93 ਦੌੜਾਂ) ਅਤੇ ਟੌਮ ਲੈਥਮ (64 ਗੇਂਦਾਂ ਵਿੱਚ 51 ਦੌੜਾਂ) ਵਿਚਾਲੇ ਚੌਥੀ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਨੂੰ ਛੱਡ ਕੇ ਕੋਈ ਵੱਡੀ ਸਾਂਝੇਦਾਰੀ ਨਹੀਂ ਬਣ ਸਕੀ। ਭਾਰਤ ਲਈ ਮੁਹੰਮਦ ਸ਼ਮੀ ਨੇ ਨੌਂ ਓਵਰਾਂ ਵਿੱਚ 41 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜੋ ਵਿਸ਼ਵ ਕੱਪ ਲਈ ਤੀਜੇ ਗੇਂਦਬਾਜ਼ ਵਜੋਂ ਥਾਂ ਲਗਪਗ ਪੱਕੀ ਕਰ ਚੁੱਕਿਆ ਹੈ। ਉਹ ਮੈਨ ਆਫ ਦਿ ਮੈਚ ਵੀ ਰਿਹਾ। ਉਸ ਨੇ ਕੋਲਿਨ ਮੁਨਰੋ (ਸੱਤ) ਨੂੰ ਰੋਹਿਤ ਸ਼ਰਮਾ ਹੱਥੋਂ ਕੈਚ ਕਰਵਾ ਕੇ ਕਿਵੀ ਟੀਮ ਨੂੰ ਪਹਿਲਾ ਝਟਕਾ ਦਿੱਤਾ। ਮਾਰਟਿਨ ਗੁਪਟਿਲ ਨੂੰ ਭੁਵਨੇਸ਼ਵਰ ਕੁਮਾਰ ਨੇ ਕੈਚ ਕਰਵਾਇਆ। ਮਹਿੰਦਰ ਸਿੰਘ ਧੋਨੀ ਦੇ ਫੱਟੜ ਹੋਣ ਕਾਰਨ ਕਾਰਤਿਕ ਉਸ ਦੀ ਥਾਂ ਖੇਡ ਰਿਹਾ ਹੈ। ਕੇਨ ਵਿਲੀਅਮਸਨ (28 ਦੌੜਾਂ) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕਿਆ। ਯੁਜ਼ਵੇਂਦਰ ਚਾਹਲ ਦੀ ਗੇਂਦ ’ਤੇ ਮਿਡਲ ਵਿਕਟ ਵਿੱਚ ਪੰਡਿਆ ਨੂੰ ਕੈਚ ਦੇ ਬੈਠਿਆ। ਚਾਹਲ ਨੇ ਨੌਂ ਓਵਰਾਂ ਵਿੱਚ 51 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਪੰਡਿਆ ਨੇ ਹੇਠਲੇ ਕ੍ਰਮ ਵਿੱਚ ਹੈਨਰੀ ਨਿਕੋਲਸ ਅਤੇ ਮਿਸ਼ੇਲ ਸੈਂਟਨੇਰ ਨੂੰ ਲਗਾਤਾਰ ਦੋ ਓਵਰਾਂ ਵਿੱਚ ਆਊਟ ਕੀਤਾ। ਉਸ ਨੇ ਪਹਿਲੇ ਸਪੈਲ ਵਿੱਚ ਪੰਜ ਓਵਰਾਂ ਵਿੱਚ ਸਿਰਫ਼ ਨੌਂ ਦੌੜਾਂ ਦਿੱਤੀਆਂ ਸਨ।