ਸੰਯੁਕਤ ਰਾਸ਼ਟਰ, 2 ਜੂਨ

ਭਾਰਤ ਨੇ ਕੋਵਿਡ-19 ਮਹਾਮਾਰੀ ਦੇ ਪਿਛੋਕੜ ’ਚ ਜੈਵਿਕ ਏਜੰਟਾਂ ਅਤੇ ਰਸਾਇਣਕ ਹਥਿਆਰਾਂ ਦੀ ਦੁਰਵਰਤੋਂ ਦੇ ਖਤਰੇ ਪ੍ਰਤੀ ਚਿਤਾਵਨੀ ਦਿੱਤੀ ਹੈ। ਭਾਰਤ ਨੇ ਆਲਮੀ ਭਾਈਚਾਰੇ ਨੂੰ ਇਸ ਦੇ ਪ੍ਰਸਾਰ ਦੇ ਤੇਜ਼ੀ ਨਾਲ ਵਧਦੇ ਜੋਖਮਾਂ ਦਾ ਹੱਲ ਕੱਢਣ ਦਾ ਸੱਦਾ ਦਿੱਤਾ ਹੈ। ਭਾਰਤ ਨੇ ਕਿਹਾ ਕਿ ਨਵੀਂ ਤੇ ਉਭਰਦੀਆਂ ਤਕਨਾਲੋਜੀਆਂ ਕਾਰਨ ਅਤਿਵਾਦੀ ਜਥੇਬੰਦੀਆਂ ਤੇ ਗ਼ੈਰ ਰਾਜਕੀ ਅਨਸਰਾਂ ਵੱਲੋਂ ਸਮੂਹਿਕ ਤਬਾਹੀ ਦੇ ਹਥਿਆਰਾਂ ਤੱਕ ਪਹੁੰਚ ਦਾ ਜੋਖਮ ਵਧ ਸਕਦਾ ਹੈ। ਭਾਰਤ ਦੇ ਸੰਯੁਕਤ ਰਾਸ਼ਟਰ ਮਿਸ਼ਨ ’ਚ ਸਲਾਹਕਾਰ ਏ ਅਮਰਨਾਥ ਨੇ ਮੰਗਲਵਾਰ ਨੂੰ ਕਿਹਾ ਕਿ ਅਤਿਵਾਦੀਆਂ ਅਤੇ ਹੋਰ ਅਨਸਰਾਂ ਦੀ ਸਮੂਹਿਕ ਤਬਾਹੀ ਦੇ ਇਨ੍ਹਾਂ ਹਥਿਆਰਾਂ ਤੱਕ ਪਹੁੰਚ ਨਾਲ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਲਈ ਗੰਭੀਰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਹਾਇਤਾ ਦੇਣ ਵਾਲਿਆਂ ਦਾ ਸਵਾਗਤ ਕਰੇਗਾ।