ਨਵੀਂ ਦਿੱਲੀ, 22 ਸਤੰਬਰ
ਕੈਨੇਡਾ ਨਾਲ ਚੱਲ ਰਹੇ ਕੂਟਨੀਤਕ ਟਕਰਾਅ ਦਰਮਿਆਨ ਭਾਰਤ ਨੇ ਅੱਜ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਤੇ ਕੌਂਸੁਲੇਟਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਵੀਜ਼ਾ ਅਰਜ਼ੀਆਂ ਦੇ ਅਮਲ ਵਿੱਚ ਮੁਸ਼ਕਲਾਂ ਆ ਰਹੀਆਂ ਸਨ, ਜਿਸ ਕਰਕੇ ਸੇਵਾਵਾਂ ਨੂੰ ਮੁਅੱਤਲ ਕਰਨਾ ਪਿਆ ਹੈ। ਇਸ ਦੌਰਾਨ ਭਾਰਤ ਨੇ ਕੈਨੇਡਾ ਨੂੰ ਨਵੀਂ ਦਿੱਲੀ ਵਿਚ ਆਪਣੀ ਕੂਟਨੀਤਕ ਮੌਜੂਦਗੀ ਘਟਾਉਣ ਲਈ ਕਿਹਾ ਹੈ। ਬਾਗਚੀ ਨੇ ਕਿਹਾ ਕਿ ਭਾਰਤ ਵਿੱਚ ਕੈਨੇਡਾ ਦੇ ਕੂਟਨੀਤਕ ਸਟਾਫ਼ ਦੀ ਗਿਣਤੀ ਨਵੀਂ ਦਿੱਲੀ ਦੇ ਕੈਨੇਡਾ ਵਿਚਲੇ (ਡਿਪਲੋਮੈਟਿਕ) ਸਟਾਫ਼ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਡਿਪਲੋਮੈਟਾਂ ਦੀ ਪਰਸਪਰ ਮੌਜੂਦਗੀ ਨੂੰ ਲੈ ਕੇ ਇਕੋ ਜਿਹੀ ਤਾਕਤ ਤੇ ਬਰਾਬਰ ਦਾ ਰੈਂਕ ਹੋਣਾ ਚਾਹੀਦਾ ਹੈ। ਬਾਗਚੀ ਨੇ ਕਿਹਾ ਕਿ ਕੈਨੇਡਾ ਵਿੱਚ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਲੁਕਣਗਾਹਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਉਧਰ ਕੈਨੇਡਾ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਉਹ ਭਾਰਤ ਵਿੱਚਲੇ ਆਪਣੇ ਕੂਟਨੀਤਕਾਂ ਤੇ ਹੋਰ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਾਲਾਤ ਦੀ ਸਮੀਖਿਆ ਕਰ ਰਿਹਾ ਹੈ।
ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਦੀ ਜਾਂਚ ਪੜਤਾਲ ਲਈ ਹਾਇਰ ਨਿੱਜੀ ਏਜੰਸੀ ਬੀਐੱਲਐੱਸ ਇੰਟਰਨੈਸ਼ਨਲ ਨੇ ਅੱਜ ਆਪਣੀ ਵੈੱਬਸਾਈਟ ’ਤੇ ਪਾਏ ਨੋਟ ਵਿੱਚ ਕਿਹਾ ਕਿ ‘ਓਪਰੇਸ਼ਨਲ ਕਾਰਨਾਂ’ ਕਰਕੇ ਵੀਜ਼ਾ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ। ਏਜੰਸੀ ਨੇ ਹਾਲਾਂਕਿ ਕੁਝ ਘੰਟਿਆਂ ਮਗਰੋਂ ਇਹ ਨੋਟ ਉਥੋਂ ਹਟਾ ਦਿੱਤਾ ਤੇ ਮਗਰੋਂ ਫਿਰ ਵਾਪਸ ਪਾ ਦਿੱਤਾ। ਬੀਐੱਲਐੱਸ ਇੰਟਰਨੈਸ਼ਨਲ ਨੇ ਆਪਣੀ ਇਸ ਪੇਸ਼ਕਦਮੀ ਬਾਰੇ ਸ਼ੇਅਰ ਬਾਜ਼ਾਰ ਨੂੰ ਸੂਚਿਤ ਕਰਦਿਆਂ ਕਿਹਾ ਕਿ ਉਸ ਨੇ ਕੈਨੇਡਾ ਵਿੱਚ ਤੁਰੰਤ ਪ੍ਰਭਾਵ ਤੋਂ ਇੰਡੀਆ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਅਸੀਂ ਕੈਨੇਡੀਅਨ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ ਕਿ ਸਾਡੇ ਕੂਟਨੀਤਕਾਂ ਦੀ ਪਰਸਪਰ ਮੌਜੂਦਗੀ ਨੂੰ ਲੈ ਕੇ ਇਕੋ ਜਿਹੀ ਤਾਕਤ ਤੇ ਬਰਾਬਰ ਦਾ ਰੈਂਕ ਹੋਣਾ ਚਾਹੀਦਾ ਹੈ। ਕੈਨੇਡਾ ਵਿਚਲੇ ਸਾਡੇ ਕੂਟਨੀਤਕਾਂ ਦੇ ਮੁਕਾਬਲੇ ਭਾਰਤ ਵਿਚ ਉਨ੍ਹਾਂ (ਕੂਟਨੀਤਕਾਂ ਤੇ ਹੋਰ ਸਟਾਫ਼) ਦੀ ਗਿਣਤੀ ਕਿਤੇ ਵੱਧ ਹੈ। ਇਸ ਤਫ਼ਸੀਲ ’ਤੇ ਕੰਮ ਕੀਤਾ ਜਾ ਰਿਹਾ ਹੈ। ਮੈਂ ਮੰਨਦਾ ਹਾਂ ਕਿ ਕੈਨੇਡਾ ਵੱਲੋਂ ਆਪਣੇ ਸਟਾਫ ਦੀ ਨਫ਼ਰੀ ਘਟਾਈ ਜਾਵੇਗੀ।’’ ਕੈਨੇਡਾ ਨੂੰ ਡਿਪਲੋਮੈਟਿਕ ਮੌਜੂਦਗੀ ਘਟਾਉਣ ਲਈ ਕਹਿਣ ਬਾਰੇ ਭਾਰਤ ਦੇ ਫੈਸਲੇ ਨੂੰ ਮੌਜੂਦਾ ਕੂਟਨੀਤਕ ਟਕਰਾਅ ਦੇ ਮੱਦੇਨਜ਼ਰ ਨਵੀਂ ਦਿੱਲੀ ਵੱਲੋਂ ਆਪਣਾ ਸਟੈਂਡ ਹੋਰ ਮਜ਼ਬੂਤ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ‘ਸੰਭਾਵੀ ਸ਼ਮੂਲੀਅਤ’ ਦਾ ਦੋਸ਼ ਲਾਇਆ ਸੀ। ਭਾਰਤ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ‘ਬੇਬੁਨਿਆਦ’ ਤੇ ‘ਸਿਆਸਤ ਤੋਂ ਪ੍ਰੇਰਿਤ’ ਦੱਸ ਕੇ ਖਾਰਜ ਕਰਦਿਆਂ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਮੁਲਕ ਛੱਡਣ ਲਈ ਆਖ ਦਿੱਤਾ ਸੀ।
ਉਧਰ ਓਟਵਾ ਨੇ ਵੀ ਜਵਾਬੀ ਕਾਰਵਾਈ ਵਿੱਚ ਭਾਰਤੀ ਡਿਪਲੋਮੈਟ ਨੂੰ ਕੈੈਨੇਡਾ ’ਚੋਂ ਕੱਢ ਦਿੱਤਾ ਸੀ। ਦੋ ਨਕਾਬਪੋਸ਼ ਬੰਦੂਕਧਾਰੀਆਂ ਨੇ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਗੁਰਦੁਆਰੇ ਦੇ ਬਾਹਰ ਨਿੱਝਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਾਰਤ ਨੇ 2020 ਵਿੱਚ ਨਿੱਝਰ ਨੂੰ ਦਹਿਸ਼ਤਗਰਦ ਐਲਾਨਿਆ ਸੀ।
ਬਾਗਚੀ ਨੇ ਕਿਹਾ, ‘‘ਕੈਨੇਡਾ ਵਿਚ ਲੁਕਣਗਾਹਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਸਰਕਾਰ ਅਜਿਹਾ ਨਾ ਕਰੇ। ਸਰਕਾਰ ਅਤਿਵਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰੇ ਜਾਂ ਫਿਰ ਉਨ੍ਹਾਂ ਨੂੰ ਵਾਪਸ ਭਾਰਤ ਭੇਜੇ, ਜਿੱਥੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕੀਤਾ ਜਾ ਸਕੇ।’’ ਬਾਗਚੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਘੱਟੋ-ਘੱਟ 20 ਤੋਂ 25 ਵਿਅਕਤੀਆਂ ਖਿਲਾਫ਼ ਹਵਾਲਗੀ ਅਰਜ਼ੀ ਕੈਨੇਡਾ ਨੂੰ ਸੌਂਪੀ, ਪਰ ਓਟਵਾ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਕੈਨੇਡਾ ਵਿਚਲੇ ਭਾਰਤੀ ਮਿਸ਼ਨਾਂ ਤੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਨਾਲ ਜੁੜੇ ਫਿਕਰਾਂ ਬਾਰੇ ਸਵਾਲ ਦੇ ਜਵਾਬ ਵਿੱਚ ਬਾਗਚੀ ਨੇ ਕਿਹਾ ਕਿ ਸੁਰੱਖਿਆ ਮੁਹੱਈਆ ਕਰਵਾਉਣੀ ਮੇਜ਼ਬਾਨ ਸਰਕਾਰ ਦੀ ਜ਼ਿੰਮੇਵਾਰੀ ਹੈ।
ਉਧਰ ਕੈਨੇਡਾ ਨੇ ਅੱਜ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਕੂਟਨੀਤਕਾਂ ਤੇ ਹੋਰ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਾਲਾਤ ਦੀ ਸਮੀਖਿਆ ਕਰ ਰਿਹਾ ਹੈ। ਕੈਨੇਡਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੂਟਨੀਤਕਾਂ ਵਿਚੋਂ ਕੁਝ ਨੂੰ ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਕੈਨੇਡੀਅਨ ਹਾਈ ਕਮਿਸ਼ਨ ਨੇ ਕਿਹਾ ਕਿ ਓਟਵਾ ਆਸ ਕਰਦਾ ਹੈ ਕਿ ਨਵੀਂ ਦਿੱਲੀ ਉਨ੍ਹਾਂ ਦੇ ਭਾਰਤ ਵਿਚਲੇ ਕੂਟਨੀਤਕਾਂ ਤੇ ਹੋਰ ਕੌਂਸੁਲਰ ਅਧਿਕਾਰੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਏਗਾ। ਕਮਿਸ਼ਨ ਨੇ ਕਿਹਾ ਕਿ ਉਸ ਨੇ ਇਹਤਿਆਤੀ ਉਪਰਾਲੇ ਵਜੋਂ ਭਾਰਤ ਵਿੱਚ ਆਪਣੇ ਸਟਾਫ ਦੀ ਮੌਜੂਦਗੀ ਨੂੰ ‘ਆਰਜ਼ੀ ਤੌਰ ’ਤੇ ਤਰਤੀਬ ਦੇਣ ਦਾ ਫੈਸਲਾ ਕੀਤਾ ਹੈ। ਕੈਨੇਡੀਅਨ ਹਾਈ ਕਮਿਸ਼ਨ ਨੇ ਕਿਹਾ, ‘‘ਮੌਜੂਦਾ ਮਾਹੌਲ, ਜਿੱਥੇ ਤਲਖੀ ਸਿਖਰ ’ਤੇ ਹੈ, ਦੀ ਰੌਸ਼ਨੀ ਵਿੱਚ ਅਸੀਂ ਆਪਣੇੇ ਕੂਟਨੀਤਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਰਵਾਈ ਕਰ ਰਹੇ ਹਾਂ। ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਕੁਝ ਕੂਟਨੀਤਕਾਂ ਨੂੰ ਧਮਕੀਆਂ ਮਿਲੀਆਂ ਹਨ। ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਭਾਰਤ ਵਿਚਲੇ ਆਪਣੇ ਸਟਾਫ਼ ਦੀ ਸਮੀਖਿਆ ਕੀਤੀ ਜਾ ਰਹੀ ਹੈ।’’ ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਕੈਨੇਡਾ ਦੇ ਕੂਟਨੀਤਕ ਤੇ ਕੌਂਸੁਲਰ ਸਬੰਧਾਂ ਦੀ ਦੇਖ-ਰੇਖ ਕੀਤੀ ਜਾਂਦੀ ਹੈ।
ਹਾਈ ਕਮਿਸ਼ਨ ਨੇ ਕਿਹਾ, ‘‘ਵੀਏਨਾ ਕਨਵੈਨਸ਼ਨਜ਼ ਤਹਿਤ ਅਸੀਂ ਭਾਰਤ ਤੋਂ ਆਸ ਕਰਦੇ ਹਾਂ ਕਿ ਉਹ ਭਾਰਤ ਵਿਚਲੇ ਸਾਡੇ ਮਾਨਤਾ ਪ੍ਰਾਪਤ ਕੂਟਨੀਤਕਾਂ ਤੇ ਕੌਂਸੁਲਰ ਅਧਿਕਾਰੀਆਂ ਨੂੰ ਉਸੇ ਤਰਜ਼ ’ਤੇ ਸੁਰੱਖਿਆ ਮੁਹੱਈਆ ਕਰਵਾਏ, ਜਿਵੇਂ ਅਸੀਂ ਇਥੇ ਉਨ੍ਹਾਂ ਦੇ ਕੂਟਨੀਤਕਾਂ ਨੂੰ ਕਰ ਰਹੇ ਹਾਂ।’’