ਮਾਊਂਟ ਮੌਨਗਨੁਈ, 3 ਫਰਵਰੀ
ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਇੱਕ ਵਾਰ ਫਿਰ ਜ਼ਬਰਦਸਤ ਵਾਪਸੀ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕਰਕੇ ਜਿੱਤ ਵੱਲ ਵਧ ਰਹੇ ਨਿਊਜ਼ੀਲੈਂਡ ਨੂੰ ਅੱਜ ਇੱਥੇ ਪੰਜਵੇਂ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿੱਚ ਸੱਤ ਦੌੜਾਂ ਨਾਲ ਹਰਾ ਦਿੱਤਾ। ਪਿਛਲੇ ਦੋਵੇਂ ਮੈਚ ਸੁਪਰ ਓਵਰ ਵਿੱਚ ਜਿੱਤਣ ਵਾਲੇ ਭਾਰਤ ਨੇ ਇਸ ਤਰ੍ਹਾਂ ਪੰਜ ਮੈਚਾਂ ਦੀ ਲੜੀ ਵਿੱਚ 5-0 ਨਾਲ ਹੂੰਝਾ ਫੇਰ ਦਿੱਤਾ ਹੈ। ਭਾਰਤ ਨੇ ਤੀਜੀ ਵਾਰ ਤਿੰਨ ਜਾਂ ਇਸ ਤੋਂ ਵੱਧ ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰੂ ਜਿੱਤ ਦਰਜ ਕੀਤੀ ਹੈ। ਮੈਚ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੁਮਰਾਹ ਨੂੰ ‘ਮੈਨ ਆਫ ਦਿ ਮੈਚ’ ਅਤੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੇਐੱਲ ਰਾਹੁਲ ਨੂੰ ‘ਮੈਨ ਆਫ ਦਿ ਸੀਰੀਜ਼’ ਐਲਾਨਿਆ ਗਿਆ।
ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਭਾਰਤ ਨੂੰ ਤਿੰਨ ਵਿਕਟਾਂ ’ਤੇ 163 ਦੌੜਾਂ ਹੀ ਬਣਾਉਣ ਦਿੱਤੀਆਂ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਟੀਮ ਨੌਂ ਵਿਕਟਾਂ ’ਤੇ 156 ਦੌੜਾਂ ਹੀ ਬਣਾ ਸਕੀ। ਮੇਜ਼ਬਾਨ ਟੀਮ ਰੋਸ ਟੇਲਰ (53 ਦੌੜਾਂ) ਅਤੇ ਟਿਮ ਸੀਫਰਟ (30 ਗੇਂਦਾਂ ਵਿੱਚ 50 ਦੌੜਾਂ) ਦੇ ਨੀਮ ਸੈਂਕੜਿਆਂ ਦੀ ਬਦੌਲਤ 12.3 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 116 ਦੌੜਾਂ ਬਣਾ ਕੇ ਚੰਗੀ ਸਥਿਤੀ ਵਿੱਚ ਸੀ। ਭਾਰਤੀ ਗੇਂਦਬਾਜ਼ਾਂ ਨੇ ਇੱਥੋਂ ਹੀ ਮੈਚ ਦਾ ਰੁਖ਼ ਬਦਲ ਦਿੱਤਾ। ਬੁਮਰਾਹ ਨੇ (12 ਦੌੜਾਂ ਦੇ ਕੇ) ਤਿੰਨ ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਨਵਦੀਪ ਸੈਣੀ (23 ਦੌੜਾਂ ਦੇ ਕੇ) ਅਤੇ ਸ਼ਰਦੁਲ ਠਾਕੁਰ (38 ਦੌੜਾਂ ਦੇ ਕੇ) ਨੂੰ ਦੋ-ਦੋ ਵਿਕਟਾਂ ਮਿਲੀਆਂ। ਇਸ ਤਿੱਕੜੀ ਨੇ ਭਾਰਤ ਨੂੰ ਉਸ ਸਮੇਂ ਵਾਪਸੀ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ, ਜਦੋਂ ਸ਼ਿਵਮ ਦੂਬੇ ਨੇ ਇੱਕ ਓਵਰ ਵਿੱਚ 34 ਦੌੜਾਂ ਦੇ ਦਿੱਤੀਆਂ ਸਨ। ਇਸ ਤਰ੍ਹਾਂ ਭਾਰਤ ਕਿਸੇ ਇੱਕ ਓਵਰ ਵਿੱਚ 30 ਤੋਂ ਵੱਧ ਦੌੜਾਂ ਦੇਣ ਦੇ ਬਾਵਜੂਦ ਜਿੱਤ ਦਰਜ ਕਰਨ ਵਾਲੀ ਪਹਿਲੀ ਟੀਮ ਬਣ ਗਈ।
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਆਰਾਮ ਦੇਣ ਕਾਰਨ ਭਾਰਤ ਦੀ ਕਮਾਨ ਸੰਭਾਲ ਰਹੇ ਰੋਹਿਤ ਸ਼ਰਮਾ (41 ਗੇਂਦਾਂ ’ਤੇ 60 ਦੌੜਾਂ) ਨੇ ਸੇਂਟਨਰ ਅਤੇ ਈਸ਼ ਸੋਢੀ ਨੂੰ ਛੱਕੇ ਜੜੇ। ਉਸ ਨੇ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ ਸਾਊਦੀ ਨੂੰ ਚੌਕਾ ਮਾਰ ਕੇ 35 ਗੇਂਦਾਂ ਵਿੱਚ ਆਪਣਾ 21ਵਾਂ ਨੀਮ ਸੈਂਕੜਾ ਪੂਰਾ ਕੀਤਾ। ਉਸ ਨੇ ਕੇਐੱਲ ਰਾਹੁਲ (33 ਗੇਂਦਾਂ ’ਤੇ 45 ਦੌੜਾਂ) ਨਾਲ ਦੂਜੀ ਵਿਕਟ ਲਈ 88 ਦੌੜਾਂ ਦੀ ਭਾਈਵਾਲੀ ਕੀਤੀ। ਸ਼੍ਰੇਅਸ ਅਈਅਰ ਨੇ 31 ਗੇਂਦਾਂ ’ਤੇ ਨਾਬਾਦ 33 ਦੌੜਾਂ ਦੀ ਪਾਰੀ ਖੇਡੀ। ਰੋਹਿਤ ਬੱਲੇਬਾਜ਼ੀ ਦੌਰਾਨ ਜ਼ਖ਼ਮੀ ਹੋ ਗਿਆ ਅਤੇ ਫੀਲਡਿੰਗ ਲਈ ਨਹੀਂ ਉਤਰਿਆ, ਪਰ ਉਸ ਦੀ ਥਾਂ ਰਾਹੁਲ ਨੇ ਟੀਮ ਦੀ ਚੰਗੀ ਅਗਵਾਈ ਕੀਤੀ। ਰਾਹੁਲ ਦੇ ਆਊਟ ਹੋਣ ਨਾਲ ਭਾਰਤੀ ਲੈਅ ਵਿਗੜ ਗਈ। ਫਿਰ ਰੋਹਿਤ ਸੱਟ ਕਾਰਨ ਪੈਵਿਲੀਅਨ ਪਰਤ ਗਿਆ। ਇਸ ਮਗਰੋਂ ਸੰਜੂ ਸੈਮਸਨ ਕ੍ਰੀਜ਼ ’ਤੇ ਉਤਰਿਆ, ਜੋ ਦੂਜੀ ਵਾਰ ਮੌਕੇ ਦੇ ਫ਼ਾਇਦਾ ਨਹੀਂ ਉਠਾ ਸਕਿਆ। ਉਹ ਦੂਜੇ ਓਵਰ ਵਿੱਚ ਹੀ ਆਊਟ ਹੋ ਗਿਆ। ਨਿਊਜ਼ੀਲੈਂਡ ਵੱਲੋਂ ਕੁਗਲੇਨ ਨੇ 25 ਦੌੜਾਂ ਦੇ ਕੇ ਦੋ ਅਤੇ ਬੈਨੇਟ ਨੇ 21 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ।
ਬੁਮਰਾਹ ਨੇ ਟੀਚੇ ਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਟੀਮ ਨੂੰ ਆਪਣੇ ਪਹਿਲੇ ਓਵਰ ਵਿੱਚ ਹੀ ਝਟਕਾ ਦੇ ਦਿੱਤਾ ਉਸ ਨੇ ਮਾਰਟਿਲ ਗੁਪਟਿਲ (ਦੋ ਦੌੜਾਂ) ਨੂੰ ਐੱਲਬੀਡਬਲਯੂ ਆਊਟ ਕਰ ਦਿੱਤਾ। ਫਿਰ ਵਾਸ਼ਿੰਗਟਨ ਸੁੰਦਰ ਨੇ ਅਗਲੇ ਓਵਰ ਵਿੱਚ ਕੋਲਿਨ ਮੁਨਰੋ (ਛੇ ਗੇਂਦਾਂ ’ਤੇ 15 ਦੌੜਾਂ) ਨੂੰ ਬੋਲਡ ਕਰਕੇ ਨਿਊਜ਼ੀਲੈਂਡ ’ਤੇ ਨਕੇਲ ਕਸੀ। ਟੌਮ ਬਰੂਸ ਦੇ ਰਨ ਆਊਟ ਹੋਣ ਨਾਲ ਸਕੋਰ ਤਿੰਨ ਵਿਕਟਾਂ ’ਤੇ 17 ਦੌੜਾਂ ਹੋ ਗਿਆ। ਫਿਰ ਟੇਲਰ ਅਤੇ ਸੀਫਰਟ ਨੇ ਟਿਕ ਕੇ ਬੱਲੇਬਾਜ਼ੀ ਕੀਤੀ। ਰਾਹੁਲ ਨੇ ਦਸਵਾਂ ਓਵਰ ਦੂਬੇ ਨੂੰ ਸੌਂਪਿਆ। ਟੇਲਰ ਅਤੇ ਸੀਫਰਟ ਨੇ ਇਸ ਓਵਰ ਵਿੱਚ ਚਾਰ ਛੱਕੇ ਅਤੇ ਦੋ ਚੌਕੇ ਮਾਰ ਕੇ ਆਪਣੀ ਟੀਮ ਲਈ 34 ਦੌੜਾਂ ਲਈਆਂ। ਇਸ ਤਰ੍ਹਾਂ ਇਹ ਟੀ-20 ਕ੍ਰਿਕਟ ਦਾ ਦੂਜਾ ਸਭ ਤੋਂ ਮਹਿੰਗਾ ਓਵਰ ਬਣ ਗਿਆ। ਨਿਊਜ਼ੀਲੈਂਡ ਦਾ ਸਕੋਰ ਤਿੰਨ ਵਿਕਟਾਂ ’ਤੇ 116 ਦੌੜਾਂ ਸੀ ਅਤੇ ਉਹ ਸੂਝ-ਬੂਝ ਨਾਲ ਟੀਚੇ ਵੱਲ ਵਧ ਰਿਹਾ ਸੀ, ਪਰ ਸੀਫਰਟ ਨੀਮ-ਸੈਂਕੜਾ ਪੂਰਾ ਕਰਨ ਦੇ ਤੁਰੰਤ ਮਗਰੋਂ ਨਵਦੀਪ ਸੈਣੀ ਦੀ ਗੇਂਦ ’ਤੇ ਆਊਟ ਹੋ ਗਿਆ। ਉਸ ਨੇ ਪੰਜ ਚੌਕੇ ਅਤੇ ਤਿੰਨ ਛੱਕੇ ਮਾਰੇ। ਬੁਮਰਾਹ ਨੇ ਫਿਰ ਨਵੇਂ ਬੱਲੇਬਾਜ਼ ਡੈਰਿਲ ਮਿਸ਼ੇਲ ਨੂੰ ਬੋਲਡ ਕਰ ਦਿੱਤਾ। ਮਿਸ਼ੇਲ ਸੇਂਟਨਰ ਅਤੇ ਸਕੌਟ ਕੁਗਲੇਨ ਨੇ ਦਬਾਅ ਵਿੱਚ ਠਾਕੁਰ ਦੀਆਂ ਗੇਂਦਾਂ ’ਤੇ ਹਵਾ ’ਚ ਕੈਚ ਲਹਿਰਾ ਦਿੱਤੇ। ਫਿਰ ਟੇਲਰ ਨੇ ਸੈਣੀ ਦੀ ਬਾਹਰ ਜਾਂਦੀ ਗੇਂਦ ਨੂੰ ਛੇੜ ਕੇ ਵਿਕਟਕੀਪਰ ਰਾਹੁਲ ਨੂੰ ਕੈਚ ਦੇ ਦਿੱਤਾ। ਈਸ਼ ਸੋਢੀ ਨੇ ਦੋ ਸੈਂਕੜੇ ਜੜੇ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ।