ਮੁੰਬਈ, 16 ਅਪਰੈਲ
ਇੰਗਲੈਂਡ ਵਿੱਚ 30 ਮਈ ਤੋਂ ਸ਼ੁਰੂ ਹੋਣ ਵਾਲੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਲਈ ਅੱਜ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਅਨੁਭਵੀ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ 12 ਸਾਲ ਮਗਰੋਂ ਟੀਮ ਵਿੱਚ ਵਾਪਸੀ ਕੀਤੀ, ਜਿਸ ਨੂੰ ਨੌਜਵਾਨ ਖਿਡਾਰੀ ਰਿਸ਼ਭ ਪੰਤ ਦੀ ਥਾਂ ਪਹਿਲ ਦਿੱਤੀ ਗਈ ਹੈ, ਜੋ 15 ਮੈਂਬਰੀ ਟੀਮ ਦਾ ਦੂਜਾ ਵਾਧੂ ਵਿਕਟਕੀਪਰ ਹੋਵੇਗਾ। ਹਾਲਾਂਕਿ ਮਹਿੰਦਰ ਸਿੰਘ ਧੋਨੀ ਦਾ ਉਤਰਾਧਿਕਾਰੀ ਵਿਕਟਕੀਪਰ ਮੰਨੇ ਜਾਂਦੇ ਰਿਸ਼ਭ ਪੰਤ ਨੂੰ ਅਣਗੌਲਿਆ ਕਰਨਾ ਹੈਰਾਨੀ ਦਾ ਸਬੱਬ ਹੈ, ਜਿਸ ’ਤੇ ਲੰਬਾ ਸਮਾਂ ਬਹਿਸ ਚੱਲਦੀ ਰਹੇਗੀ। ਇੰਗਲੈਂਡ ਅਤੇ ਵੇਲਜ਼ ਵਿੱਚ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਦੂਜੇ ਵਿਕਟਕੀਪਰ ਨੂੰ ਲੈ ਕੇ ਦੋਚਿਤੀ ਚੱਲ ਰਹੀ ਸੀ।
ਇਸ ਦੇ ਨਾਲ ਹੀ ਨੌਜਵਾਨ ਵਿਜੈ ਸ਼ੰਕਰ, ਕੇਐਲ ਰਾਹੁਲ ਅਤੇ ਰਵਿੰਦਰ ਜਡੇਜਾ ਵੀ ਭਾਰਤੀ ਟੀਮ ’ਚ ਥਾਂ ਬਣਾਉਣ ਵਿੱਚ ਕਾਮਯਾਬ ਰਹੇ।
ਐੱਮਐੱਸਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਚੋਣ ਕਮੇਟੀ ਅਨੁਸਾਰ, 33 ਸਾਲ ਦੇ ਕਾਰਤਿਕ ਨੂੰ 91 ਇੱਕ ਰੋਜ਼ਾ ਮੈਚਾਂ ਦੇ ਅਨੁਭਵ ਦਾ ਫ਼ਾਇਦਾ ਮਿਲਿਆ ਹੈ। ਕੌਮਾਂਤਰੀ ਕ੍ਰਿਕਟ ਵਿੱਚ ਪਹਿਲੀ ਵਾਰ ਖੇਡਣ ਵਾਲੇ ਸਭ ਤੋਂ ਵੱਡੀ ਉਮਰ ਦਾ ਭਾਰਤੀ ਖਿਡਾਰੀ ਕਾਰਤਿਕ 2007 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਹਿੱਸਾ ਸੀ। ਮਹਿੰਦਰ ਸਿੰਘ ਧੋਨੀ ਤੋਂ ਤਿੰਨ ਮਹੀਨੇ ਪਹਿਲਾਂ ਸਤੰਬਰ 2004 ਵਿੱਚ ਉਸ ਨੇ ਕੌਮਾਂਤਰੀ ਕ੍ਰਿਕਟ ਵਿੱਚ ਪੈਰ ਰੱਖਿਆ ਸੀ। ਧੋਨੀ ਦਾ ਇਹ ਚੌਥਾ ਤੇ ਸ਼ਾਇਦ ਆਖ਼ਰੀ ਵਿਸ਼ਵ ਕੱਪ ਹੋਵੇਗਾ। ਕੋਹਲੀ ਦਾ ਇਹ ਤੀਜਾ ਵਿਸ਼ਵ ਕੱਪ ਹੋਵੇਗਾ, ਜਦਕਿ ਰੋਹਿਤ ਸ਼ਰਮਾ, ਸ਼ਿਖਰ ਧਵਨ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ 2015 ਵਿਸ਼ਵ ਕੱਪ ਵਿੱਚ ਖੇਡ ਚੁੱਕੇ ਹਨ। ਭਾਰਤੀ ਕਪਤਾਨ ਕੋਹਲੀ ਨੇ ਆਈਪੀਐਲ ਤੋਂ ਪਹਿਲਾਂ ਕਿਹਾ ਸੀ ਕਿ ਇਸ ਲੀਗ ਵਿੱਚ ਪ੍ਰਦਰਸ਼ਨ ਦਾ ਅਸਰ ਚੋਣ ’ਤੇ ਨਹੀਂ ਪਵੇਗਾ ਅਤੇ ਉਹ ਸਹੀ ਸਿੱਧ ਹੋਇਆ ਕਿਉਂਕਿ ਇਸ ਸੈਸ਼ਨ ਵਿੱਚ
245 ਦੌੜਾਂ ਬਣਾਉਣ ਦੇ ਬਾਵਜੂਦ ਪੰਤ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ, ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਕਾਰਤਿਕ ਨੇ 111 ਦੌੜਾਂ ਬਣਾਈਆਂ ਹਨ। ਦੂਜੇ ਪਾਸੇ ਕੇਐਲ ਰਾਹੁਲ ਨੇ ਆਈਪੀਐਲ ਵਿੱਚ ਹੁਣ ਤੱਕ 335 ਦੌੜਾਂ ਬਣਾਈਆਂ ਹਨ। ਹਾਲਾਂਕਿ ਸੀਨੀਅਰ ਚੋਣ ਕਮੇਟੀ ਦੇ ਪ੍ਰਧਾਨ ਪ੍ਰਸਾਦ ਤੋਂ ਸਭ ਤੋਂ ਵੱਧ ਸਵਾਲ ਪੰਤ ਬਾਰੇ ਹੀ ਪੁੱਛੇ ਗਏ। ਉਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇਸ ’ਤੇ ਖੁੱਲ੍ਹ ਕੇ ਚਰਚਾ ਕੀਤੀ ਹੈ। ਸਾਨੂੰ ਲੱਗਿਆ ਕਿ ਧੋਨੀ ਦੇ ਜ਼ਖ਼ਮੀ ਹੋਣ ’ਤੇ ਕਾਰਤਿਕ ਜਾਂ ਪੰਤ ਹੀ ਅੰਤਿਮ ਟੀਮ ਵਿੱਚ ਰਹਿਣਗੇ। ਜੇਕਰ ਕੁਆਰਟਰ ਫਾਈਨਲ ਜਾਂ ਸੈਮੀ ਫਾਈਨਲ ਵਰਗਾ ਅਹਿਮ ਮੈਚ ਹੁੰਦਾ ਹੈ ਤਾਂ ਵਿਕਟਕੀਪਿੰਗ ਮਾਅਨੇ ਰੱਖਦੀ ਹੈ।’’ ਉਸ ਨੇ ਕਿਹਾ, ‘‘ਇਹੀ ਕਾਰਨ ਹੈ ਕਿ ਅਸੀਂ ਕਾਰਤਿਕ ਨੂੰ ਚੁਣਿਆ ਨਹੀਂ ਤਾਂ ਪੰਤ ਟੀਮ ਵਿੱਚ ਹੁੰਦਾ।’’ ਤਾਮਿਲਨਾਡੂ ਦੇ ਗੇਂਦਬਾਜ਼ ਹਰਫ਼ਨਮੌਲਾ ਵਿਜੈ ਸ਼ੰਕਰ ਨੂੰ ਟੀਮ ਵਿੱਚ ਰੱਖਿਆ ਗਿਆ ਹੈ, ਜੋ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਪਹਿਲਾਂ ਲੱਗ ਰਿਹਾ ਸੀ ਕਿ ਅੰਬਾਤੀ ਰਾਇਡੂ ਦੀ ਥਾਂ ਪੱਕੀ ਹੈ, ਪਰ ਆਸਟਰੇਲੀਆ ਖ਼ਿਲਾਫ਼ ਘਰੇਲੂ ਲੜੀ ਵਿੱਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ।
ਉਸ ਨੇ ਕਿਹਾ, ‘‘ਅਸੀਂ ਚੈਂਪੀਅਨਜ਼ ਟਰਾਫੀ (2017) ਤੋਂ ਹੀ ਇਸ ਦੀ ਤਿਆਰੀ ਕਰ ਰਹੇ ਸੀ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਮਹੀਨਿਆਂ ਵਿੱਚ ਕੁੱਝ ਖਿਡਾਰੀਆਂ ਨੇ ਦਾਅਵਾ ਪੁਖ਼ਤਾ ਕੀਤਾ ਹੈ, ਜਿਨ੍ਹਾਂ ਵਿੱਚ ਵਿਜੈ ਸ਼ੰਕਰ ਵੀ ਹੈ।’’ ਕੇਐਲ ਰਾਹੁਲ ਨੂੰ ਤੀਜੇ ਸਲਾਮੀ ਬੱਲੇਬਾਜ਼ ਵਜੋਂ ਥਾਂ ਮਿਲੀ ਹੈ। ਪ੍ਰਸਾਦ ਨੇ ਕਿਹਾ, ‘‘ਇਸ ਗੱਲ ’ਤੇ ਵੀ ਚਰਚਾ ਹੋਈ ਕਿ ਕੇਦਾਰ ਯਾਦਵ ਵਾਂਗ ਵਿਜੈ ਸ਼ੰਕਰ ਵੀ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਇਹ ਟੀਮ ਪ੍ਰਬੰਧਨ ’ਤੇ ਨਿਰਭਰ ਕਰੇਗਾ।’’ ਰਵਿੰਦਰ ਜਡੇਜਾ ਦੇ ਹਰਫ਼ਨਮੌਲਾ ਹੁਨਰ ਕਾਰਨ ਉਸ ਨੂੰ ਟੀਮ ਵਿੱਚ ਰੱਖਿਆ ਗਿਆ ਹੈ। ਪ੍ਰਸਾਦ ਨੇ ਕਿਹਾ, ‘‘ਪਿਛਲੇ ਡੇਢ ਸਾਲ ਵਿੱਚ ਕਲਾਈ ਦੇ ਦੋ ਸਪਿੰਨਰਾਂ ਯੁਜ਼ਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਨੇ ਮੈਚਾਂ ਵਿੱਚ ਜਿੱਤ ਦਿਵਾਈ ਹੈ, ਪਰ ਅਜਿਹੇ ਹਾਲਾਤ ਵੀ ਹੋ ਸਕਦੇ ਹਨ ਕਿ ਤੁਹਾਨੂੰ ਅੰਤਿਮ ਟੀਮ ਵਿੱਚ ਇੱਕ ਹਰਫ਼ਨਮੌਲਾ ਦੀ ਲੋੜ ਪਵੇ ਅਤੇ ਉਦੋਂ ਜਡੇਜਾ ਕੰਮ ਆਵੇਗਾ।’’ ਹਾਰਦਿਕ ਅਤੇ ਸ਼ੰਕਰ ਦੇ ਹੋਣ ਨਾਲ ਚੌਥੇ ਤੇਜ਼ ਗੇਂਦਬਾਜ਼ ਦੀ ਲੋੜ ਮਹਿਸੂਸ ਨਹੀਂ ਹੋਵੇਗੀ। ਭੁਵਨੇਸ਼ਵਰ ਕੁਮਾਰ ਬੈਕਅੱਪ ਵਜੋਂ ਰਹੇਗਾ, ਜਦਕਿ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨਵੀਂ ਗੇਂਦ ਸੰਭਾਲਣਗੇ। ਪ੍ਰਸਾਦ ਨੇ ਕਿਹਾ ਕਿ ਨਵਦੀਪ ਸੈਣੀ ਅਤੇ ਖਲੀਲ ਅਹਿਮਦ ਦੇ ਨਾਂਅ ’ਤੇ ਵੀ ਵਿਚਾਰ-ਚਰਚਾ ਹੋਈ ਸੀ। ਦੋਵਾਂ ਤੇਜ਼ ਗੇਂਦਬਾਜ਼ਾਂ ਨੂੰ ਬੁਮਰਾਹ, ਸ਼ਮੀ ਅਤੇ ਭੁਵਨੇਸ਼ਵਰ ਦੇ ਬੇਕਅੱਪ ਦੇ ਤੌਰ ’ਤੇ ਇੰਗਲੈਂਡ ਬੁਲਾਇਆ ਜਾ ਸਕਦਾ ਹੈ।
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਵਿੱਚ ਪੰਜ ਬੱਲੇਬਾਜ਼, ਦੋ ਵਿਕਟਕੀਪਰ, ਤਿੰਨ ਤੇਜ਼ ਗੇਂਦਬਾਜ਼, ਤਿੰਨ ਹਰਫ਼ਨਮੌਲਾ ਅਤੇ ਦੋ ਸਪਿੰਨਰਾਂ ਨੂੰ ਰੱਖਿਆ ਗਿਆ ਹੈ। ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇਐਲ ਰਾਹੁਲ, ਵਿਜੈ ਸ਼ੰਕਰ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਹਾਰਦਿਕ ਪੰਡਿਆ, ਕੁਲਦੀਪ ਯਾਦਵ, ਯੁਜ਼ਵੇਂਦਰ ਚਾਹਲ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਦਿਨੇਸ਼ ਕਾਰਤਿਕ ਅਤੇ ਰਵਿੰਦਰ ਜਡੇਜਾ।