ਇਪੋਹ, 25 ਮਾਰਚ (ਮਲੇਸ਼ੀਆ)
ਭਾਰਤ ਆਖ਼ਰੀ ਪਲਾਂ ਵਿੱਚ ਗੋਲ ਗੁਆਉਣ ਵਾਲੀ ਆਪਣੀ ਪੁਰਾਣੀ ਸਮੱਸਿਆ ਤੋਂ ਉਭਰ ਨਹੀਂ ਸਕਿਆ ਅਤੇ ਅੱਜ ਇਸੇ ਕਾਰਨ ਇੱਥੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਕੋਰੀਆ ਨਾਲ 1-1 ਨਾਲ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ। ਭਾਰਤ ਨੇ ਮਨਦੀਪ ਸਿੰਘ ਦੇ 28ਵੇਂ ਮਿੰਟ ਵਿੱਚ ਦਾਗ਼ੇ ਗੋਲ ਨਾਲ ਲੀਡ ਬਣਾ ਲਈ ਅਤੇ ਉਹ ਛੇ ਟੀਮਾਂ ਦੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਵੱਲ ਵਧ ਰਿਹਾ ਸੀ। ਉਸ ਨੂੰ ਆਪਣੇ ਡਿਫੈਂਸ ਦੀ ਭਾਰੀ ਗ਼ਲਤੀ ਦਾ ਗਮਿਆਜ਼ਾ ਭੁਗਤਣਾ ਪਿਆ ਅਤੇ ਮੈਚ ਖ਼ਤਮ ਹੋਣ ਤੋਂ 22 ਸੈਕਿੰਡ ਪਹਿਲਾਂ ਜੌਂਗਿਆਨ ਜਾਂਗ ਨੇ ਪੈਨਲਟੀ ਕਾਰਨਰ ’ਤੇ ਬਰਾਬਰੀ ਦਾ ਗੋਲ ਦਾਗ਼ ਦਿੱਤਾ। ਮੈਚ ਦੇ ਚੌਥੇ ਕੁਆਰਟਰ ਦੌਰਾਨ ਭਾਰੀ ਮੀਂਹ ਪੈਣ ਕਾਰਨ ਮੈਚ ਨੂੰ ਵਿਚਾਲੇ ਰੋਕਣਾ ਪਿਆ। ਭਾਰਤ ਨੇ ਕੱਲ੍ਹ ਸ਼ੁਰੂਆਤੀ ਮੈਚ ਵਿੱਚ ਜਾਪਾਨ ਨੂੰ 2-0 ਗੋਲਾਂ ਨਾਲ ਹਰਾਇਆ ਸੀ।
ਭਾਰਤ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ। ਮਿਡਫੀਲਡਰ ਵਿਵੇਕ ਸਾਗਰ ਨੇ ਸਰਕਲ ਦੇ ਅੰਦਰ ਚੰਗਾ ਮੌਕਾ ਬਣਾਇਆ, ਪਰ ਕੋਰੀਆ ਦੇ ਡਿਫੈਂਡਰਾਂ ਨੇ ਉਸ ਦੇ ਯਤਨ ਨੂੰ ਬੂਰ ਨਹੀਂ ਪੈਣ ਦਿੱਤਾ। ਡਿਫੈਂਡਰ ਸੁਰਿੰਦਰ ਕੁਮਾਰ ਨੇ ਇਸ ਮਗਰੋਂ ਕੋਰੀਆ ਦੇ ਹਮਲੇ ਨੂੰ ਅਸਫਲ ਕਰ ਦਿੱਤਾ। ਭਾਰਤ ਨੂੰ ਦਸਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲਿਆ, ਪਰ ਟੀਮ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਭਾਰਤ ਨੂੰ ਦੂਜੇ ਕੁਆਰਟਰ ਵਿੱਚ ਦੂਜਾ ਪੈਨਲਟੀ ਕਾਰਨਰ ਮਿਲਿਆ, ਪਰ ਡਰੈਗ ਫਲਿਕ ਨੇ ਕੋਰਿਆਈ ਗੋਲਕੀਪਰ ਨੂੰ ਰੋਕ ਦਿੱਤਾ। ਕੋਰੀਆ ਤਿੰਨ ਖਿਡਾਰੀਆਂ ਕਿਨ ਹਿਯੌਂਗਜਿਨ, ਜਿਹੁਨ ਯੈਂਗ ਅਤੇ ਲੀ ਨਾਮਯੋਂਗ ਨੂੰ ਇਸ ਮਗਰੋਂ ਹਰਾ ਕਾਰਡ ਵਿਖਾਇਆ ਗਿਆ, ਜਿਸ ਮਗਰੋਂ ਮੈਦਾਨ ’ਤੇ ਉਸ ਦੇ ਅੱਠ ਹੀ ਖਿਡਾਰੀ ਰਹਿ ਗਏ। ਭਾਰਤ ਨੇ ਇਸ ਦਾ ਫ਼ਾਇਦਾ ਉਠਾਇਆ ਅਤੇ 28ਵੇਂ ਮਿੰਟ ਵਿੱਚ ਅਨੁਭਵੀ ਮਨਦੀਪ ਸਿੰਘ ਨੇ ਭਾਰਤ ਨੂੰ ਲੀਡ ਦਿਵਾਈ।
ਅੱਧੇ ਮੈਚ ਤੱਕ ਭਾਰਤੀ ਟੀਮ 1-0 ਨਾਲ ਅੱਗੇ ਸੀ। ਤੀਜੇ ਕੁਆਰਟਰ ਵਿੱਚ ਕੋਈ ਟੀਮ ਗੋਲ ਨਹੀਂ ਕਰ ਸਕੀ। ਇਸ ਕੁਆਰਟਰ ਵਿੱਚ ਮੀਂਹ ਦੌਰਾਨ ਹੀ ਮੈਚ ਜਾਰੀ ਰਿਹਾ ਅਤੇ ਕੋਰੀਆ ਨੇ ਭਾਰਤ ਦੀ ਡਿਫੈਂਸ ਦੀ ਘਾਟ ਦਾ ਫ਼ਾਇਦਾ ਉਠਾਉਂਦਿਆਂ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ। ਭਾਰਤ ਦੇ ਅਮਿਤ ਰੋਹਿਦਾਸ ਨੇ ਹਾਲਾਂਕਿ ਇਸ ਨੂੰ ਸੌਖਿਆਂ ਅਸਫਲ ਕਰ ਦਿੱਤਾ। ਮੈਚ ਖ਼ਤਮ ਹੋਣ ਵਿੱਚ ਜਦੋਂ ਅੱਠ ਮਿੰਟ ਬਚੇ ਸਨ ਤਾਂ ਮੀਂਹ ਕਾਰਨ ਰੋਕਣਾ ਪਿਆ। ਖੇਡ ਮੁੜ ਸ਼ੁਰੂ ਹੋਣ ’ਤੇ ਕੋਰੀਆ ਨੇ ਹਮਲਾਵਰ ਰੁਖ਼ ਅਪਣਾਇਆ ਅਤੇ ਉਸ ਨੇ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਟੀਮ ਇਨ੍ਹਾਂ ਨੂੰ ਗੋਲ ਵਿੱਚ ਬਦਲਣ ਤੋਂ ਖੁੰਝ ਗਈ। ਜਦੋਂ 53 ਸੈਕਿੰਡ ਦੀ ਖੇਡ ਬਾਕੀ ਸੀ ਤਾਂ ਕੋਰੀਆ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ। ਜੋਂਗਹਿਊਨ ਦੀ ਸ਼ਾਨਦਾਰ ਡਰੈਗ ਫਲਿਕ ਨੂੰ ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਰੋਕ ਦਿੱਤਾ, ਪਰ ਰੈਫਰਲ ਲੈਣ ’ਤੇ ਕੋਰੀਆ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ ਅਤੇ ਇਸ ਵਾਰ ਜੋਂਗਹਿਊਨ ਨੇ ਆਪਣੀ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਭਾਰਤ ਸੋਮਵਾਰ ਦੇ ਆਰਾਮ ਕਰਨ ਮਗਰੋਂ 26 ਮਾਰਚ ਨੂੰ ਮਲੇਸ਼ੀਆ ਨਾਲ ਭਿੜੇਗਾ।