ਸਾਊਥੈਂਪਟਨ, 26 ਜੂਨ
ਸਟਾਰ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਦਾ ਮੰਨਣਾ ਹੈ ਕਿ ਬੰਗਲਾਦੇਸ਼ ਵਿੱਚ ਭਾਰਤ ਨੂੰ ਹਰਾਉਣ ਦੀ ਸਮਰੱਥਾ ਹੈ, ਪਰ ਉਸ ਨੂੰ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਟੀਮ ਨੂੰ ਮਾਤ ਦੇਣ ਲਈ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਸ਼ਾਕਿਬ ਨੇ ਬਿਹਤਰੀਨ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ ਨੀਮ ਸੈਂਕੜਾ ਮਾਰਿਆ ਅਤੇ ਪੰਜ ਵਿਕਟਾਂ ਵੀ ਲਈਆਂ, ਜਿਸ ਦੀ ਮਦਦ ਨਾਲ ਬੰਗਲਾਦੇਸ਼ ਨੇ ਅਫ਼ਗਾਨਸਿਤਾਨ ਨੂੰ 62 ਦੌੜਾਂ ਨਾਲ ਹਰਾਇਆ। ਹੁਣ ਉਸ ਨੂੰ ਸੈਮੀ-ਫਾਈਨਲ ਵਿੱਚ ਪਹੁੰਚਣ ਲਈ ਭਾਰਤ (ਦੋ ਜੁਲਾਈ) ਅਤੇ ਪਾਕਿਸਤਾਨ (ਪੰਜ ਜੁਲਾਈ) ਨੂੰ ਹਰਾਉਣਾ ਹੋਵੇਗਾ। ਸ਼ਾਕਿਬ ਨੇ ਕਿਹਾ, ‘‘ਭਾਰਤ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ, ਜੋ ਆਪਣੇ ਦਮ ’ਤੇ ਮੈਚ ਜਿੱਤ ਸਕਦੇ ਹਨ, ਪਰ ਮੇਰਾ ਮੰਨਣਾ ਹੈ ਕਿ ਅਸੀਂ ਉਸ ਨੂੰ ਹਰਾ ਸਕਦੇ ਹਾਂ।’’ ਬੰਗਲਾਦੇਸ਼ ਦੇ ਸਪਿੰਨ ਗੇਂਦਬਾਜ਼ੀ ਕੋਚ ਸੁਨੀਲ ਜੋਸ਼ੀ ਨੇ ਕਿਹਾ, ‘‘ਸਾਨੂੰ ਪਤਾ ਹੈ ਕਿ ਉਹ ਸਪਿੰਨਰਾਂ ਨੂੰ ਬਖ਼ੂਬੀ ਖੇਡਦੇ ਹਨ, ਪਰ ਅਸੀਂ ਵੀ ਸਪਿੰਨ ਦੇ ਮਹਾਂਰਥੀ ਹਾਂ ਅਤੇ ਇਹ ਅਫ਼ਗਾਨਿਸਤਾਨ ਖ਼ਿਲਾਫ਼ ਸਾਬਿਤ ਹੋ ਗਿਆ।’’