ਮੈਲਬਰਨ:ਭਾਰਤ ਤੇ ਆਸਟਰੇਲੀਆ ਦਰਮਿਆਨ ਦੂਜੇ ਟੈਸਟ ਮੈਚ ਵਿਚ ਭਾਰਤ ਲਈ ਜਿੱਤ ਦੀ ਆਸ ਬੱਝ ਗਈ ਹੈ। ਭਾਰਤ ਨੇ ਸਵੇਰੇ 82 ਦੌੜਾਂ ਦੀ ਲੀਡ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਭਾਰਤੀ ਟੀਮ 326 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਆਸਟਰੇਲੀਆ ਦਾ ਕੋਈ ਵੀ ਬੱਲੇਬਾਜ਼ ਟੀਮ ਨੂੰ ਮਜ਼ਬੂਤ ਸਥਿਤੀ ’ਤੇ ਨਹੀਂ ਪਹੁੰਚਾ ਸਕਿਆ ਤੇ ਖੇਡ ਖਤਮ ਹੋਣ ਤਕ ਆਸਟਰੇਲੀਆ ਨੇ ਛੇ ਵਿਕਟਾਂ ਦੇ ਨੁਕਸਾਨ ’ਤੇ 133 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਆਸਟਰੇਲੀਆ ਦੀ ਪਹਿਲੀ ਪਾਰੀ 195 ਦੌੜਾਂ ’ਤੇ ਸਿਮਟ ਗਈ ਸੀ। ਭਾਰਤ ਨੂੰ ਪਹਿਲੀ ਪਾਰੀ ਵਿਚ 131 ਦੌੜਾਂ ਦੀ ਲੀਡ ਮਿਲੀ ਹੈ। ਅੱਜ ਭਾਰਤ ਨੇ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਜੋ ਬਰਨਜ਼ ਨੂੰ ਚਾਰ ਦੌੜਾਂ ’ਤੇ ਆਊਟ ਕਰ ਦਿੱਤਾ। ਸੀਮਤ ਓਵਰਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲਾ ਸਟੀਵ ਸਮਿੱਥ ਪਹਿਲੇ ਟੈਸਟ ਦੀ ਤਰ੍ਹਾਂ ਇਸ ਵਾਰ ਵੀ ਫੇਲ੍ਹ ਸਾਬਤ ਹੋਇਆ। ਭਾਰਤ ਵਲੋਂ ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਸਿਰਾਜ ਤੇ ਅਸ਼ਵਿਨ ਨੇ ਇਕ-ਇਕ ਵਿਕਟ ਹਾਸਲ ਕੀਤੀ ਜਦਕਿ ਰਵਿੰਦਰ ਜਡੇਜਾ ਨੇ ਦੋ ਵਿਕਟਾਂ ਹਾਸਲ ਕੀਤੀਆਂ।