ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ ਅਤੇ ਕਈ ਅਹਿਮ ਸਮਝੌਤੇ ਵੀ ਹੋਏ। ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਜਿੱਥੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਈ, ਉੱਥੇ ਹੀ ਸਾਲ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰ ਨੂੰ 500 ਅਰਬ ਡਾਲਰ ਤੱਕ ਲੈ ਜਾਣ ਦਾ ਟੀਚਾ ਵੀ ਰੱਖਿਆ ਗਿਆ।
ਅਮਰੀਕਾ ਭਾਰਤ ਨੂੰ ਆਪਣਾ ਸਭ ਤੋਂ ਖਤਰਨਾਕ ਅਤੇ ਆਧੁਨਿਕ ਤਕਨੀਕ ਨਾਲ ਲੈਸ ਲੜਾਕੂ ਜਹਾਜ਼ F-35 ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਨੇ ਭਾਰਤ ਲਈ ਐੱਫ-35 ਲੜਾਕੂ ਜਹਾਜ਼ ਲੈਣ ਦਾ ਰਾਹ ਖੋਲ੍ਹ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ F-35 ਲੜਾਕੂ ਜਹਾਜ਼ ਮੁਹੱਈਆ ਕਰਵਾਏਗਾ। ਭਾਰਤ ਨਾਲ ਰੱਖਿਆ ਸਹਿਯੋਗ ‘ਤੇ ਟਰੰਪ ਨੇ ਕਿਹਾ ਕਿ ਭਾਰਤ ਨੂੰ ਛੇਤੀ ਹੀ F-35 ਲੜਾਕੂ ਜਹਾਜ਼ ਮੁਹੱਈਆ ਕਰਵਾਏ ਜਾਣਗੇ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਗੱਲਾਂ ਪੀਐਮ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਹੀਆਂ ਹਨ।
ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਭਾਰਤ ਨਾਲ ਰੱਖਿਆ ਸਹਿਯੋਗ ਨੂੰ ਹੋਰ ਵਧਾਏਗਾ। ਸਾਂਝੀ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਕਿਹਾ ਕਿ ਇਸ ਸਾਲ ਤੋਂ ਅਸੀਂ ਭਾਰਤ ਨੂੰ ਫੌਜੀ ਵਿਕਰੀ ‘ਚ ਕਈ ਅਰਬਾਂ ਡਾਲਰ ਦਾ ਵਾਧਾ ਕਰਾਂਗੇ। ਭਾਰਤ ਨੂੰ ਲਾਕਹੀਡ ਮਾਰਟਿਨ ਐੱਫ-35 ਲਾਈਟਨਿੰਗ II ਵੀ ਮੁਹੱਈਆ ਕਰਵਾਇਆ ਜਾਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਐਲਾਨ ਕੀਤਾ ਕਿ ਵਾਸ਼ਿੰਗਟਨ ਅਰਬ ਡਾਲਰ ਦੀ ਫੌਜੀ ਸਪਲਾਈ ਦੇ ਹਿੱਸੇ ਵਜੋਂ ਨਵੀਂ ਦਿੱਲੀ ਨੂੰ ਐੱਫ-35 ਲੜਾਕੂ ਜਹਾਜ਼ ਮੁਹੱਈਆ ਕਰਵਾਉਣ ਦਾ ਰਾਹ ਪੱਧਰਾ ਕਰ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਇੱਕ ਬਿਹਤਰ ਸੰਸਾਰ ਨੂੰ ਰੂਪ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਦਹਾਕੇ ਲਈ ਰੱਖਿਆ ਸਹਿਯੋਗ ਢਾਂਚਾ ਤਿਆਰ ਕੀਤਾ ਜਾਵੇਗਾ।