ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਅੱਜ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਮਨੁੱਖੀ ਹੱਕਾਂ ਦਾ ਮੁੱਦਾ ਪਹਿਲਾਂ ਵੀ ਉਠਾਉਂਦਾ ਰਿਹਾ ਹੈ ਤੇ ਭਵਿੱਖ ਵਿਚ ਅਜਿਹਾ ਕਰਦਾ ਰਹੇਗਾ। ਸੀਨੀਅਰ ਅਮਰੀਕੀ ਅਧਿਕਾਰੀ ਦੀ ਇਹ ਟਿੱਪਣੀ ਰਾਸ਼ਟਰਪਤੀ ਜੋਅ ਬਾਇਡਨ ਦੇ ਅਗਲੇ ਮਹੀਨੇ ਨਵੀਂ ਦਿੱਲੀ ਦੌਰੇ ਤੋਂ ਪਹਿਲਾਂ ਆਈ ਹੈ। ਉਹ ਭਾਰਤ ਵਿਚ ਜੀ20 ਸੰਮੇਲਨ ਵਿਚ ਹਿੱਸਾ ਲੈਣਗੇ। ਮਿਲਰ ਨੇ ਮੀਡੀਆ ਨੂੰ ਦੱਸਿਆ, ‘ਅਸੀਂ ਰਾਬਤਾ ਰੱਖਣ ਵਾਲੇ ਸਾਰੇ ਮੁਲਕਾਂ ਨਾਲ ਨਿਯਮਿਤ ਰੂਪ ’ਚ ਮਨੁੱਖੀ ਹੱਕਾਂ ਬਾਰੇ ਆਪਣੇ ਫ਼ਿਕਰ ਸਾਂਝੇ ਕਰਦੇ ਰਹਿੰਦੇ ਹਾਂ, ਅਸੀਂ ਭਾਰਤ ਕੋਲ ਪਹਿਲਾਂ ਵੀ ਅਜਿਹੇ ਮੁੱਦੇ ਉਠਾਏ ਹਨ, ਤੇ ਭਵਿੱਖ ਵਿਚ ਉਠਾਉਂਦੇ ਰਹਾਂਗੇ।’ ਮੀਡੀਆ ਨੇ ਮਿਲਰ ਨੂੰ ਸਵਾਲ ਪੁੱਛਿਆ ਸੀ ਕਿ ਕੀ ਰਾਸ਼ਟਰਪਤੀ ਬਾਇਡਨ ਸਤੰਬਰ ਵਿਚ ਆਪਣੇ ਅਗਾਮੀ ਨਵੀਂ ਦਿੱਲੀ ਦੌਰੇ ਦੌਰਾਨ ਭਾਰਤ ’ਚ ਕਥਿਤ ਈਸਾਈਆਂ ਦੇ ਦਮਨ ਦਾ ਮੁੱਦਾ ਚੁੱਕਣਗੇ। ਮਿਲਰ ਨੇ ਕਿਹਾ, ‘ਅਸੀਂ ਬਿਲਕੁਲ ਸਪੱਸ਼ਟ ਕੀਤਾ ਹੈ ਕਿ ਅਸੀਂ ਈਸਾਈਆਂ ’ਤੇ ਅਤਿਆਚਾਰ ਦਾ ਵਿਰੋਧ ਕਰਦੇ ਹਾਂ, ਬਲਕਿ ਅਸੀਂ ਕਿਸੇ ਵੀ ਧਰਮ ’ਤੇ ਜ਼ੁਲਮ ਕਰਨ ਦੇ ਖ਼ਿਲਾਫ਼ ਹਾਂ, ਇਹ ਫ਼ਰਕ ਨਹੀਂ ਪੈਂਦਾ ਕਿ ਅਜਿਹਾ ਦੁਨੀਆ ਵਿਚ ਕਿੱਥੇ ਹੋ ਰਿਹਾ ਹੈ।’ ਦੱਸਣਯੋਗ ਹੈ ਕਿ ਭਾਰਤ ਅਜਿਹੇ ਦੋਸ਼ਾਂ ਨੂੰ ਪਹਿਲਾਂ ਹੀ ਨਕਾਰ ਚੁੱਕਾ ਹੈ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ‘ਗਲਤ ਜਾਣਕਾਰੀਆਂ ਤੇ ਖੋਖ਼ਲੀ ਸਮਝ’ ਦਾ ਨਤੀਜਾ ਦੱਸਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮਈ ਵਿਚ ਕਿਹਾ ਸੀ ਕਿ, ‘ਕੁਝ ਅਮਰੀਕੀ ਅਧਿਕਾਰੀਆਂ ਦੀ ਪੱਖਪਾਤੀ ਬਿਆਨਬਾਜ਼ੀ ਅਜਿਹੀਆਂ ਗਲਤ ਰਿਪੋਰਟਾਂ ਦੀ ਭਰੋਸੇਯੋਗਤਾ ਨੂੰ ਹੋਰ ਵੀ ਜ਼ਿਆਦਾ ਖੋਰਾ ਲਾਉਂਦੀ ਹੈ।’ ਬਾਗਚੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੀ ਇਕ ਰਿਪੋਰਟ ਉਤੇ ਟਿੱਪਣੀ ਕਰ ਰਹੇ ਸਨ, ਜਿਸ ਵਿਚ ਘੱਟਗਿਣਤੀਆਂ ਉਤੇ ਹੋਏ ਕਥਿਤ ਹਮਲਿਆਂ ਲਈ ਭਾਰਤ ਦੀ ਨਿਖੇਧੀ ਕੀਤੀ ਗਈ ਸੀ। ਭਾਰਤ ਦੇ ਤਰਜਮਾਨ ਨੇ ਕਿਹਾ ਸੀ, ‘ਅਸੀਂ ਅਮਰੀਕਾ ਨਾਲ ਆਪਣੀ ਸਾਂਝ ਦੀ ਕਦਰ ਕਰਦੇ ਹਾਂ ਤੇ ਉਨ੍ਹਾਂ ਸਾਰਿਆਂ ਮੁੱਦਿਆਂ ਉਤੇ ਦੋਸਤਾਨਾ ਵਿਚਾਰ-ਵਟਾਂਦਰਾ ਕਰਦੇ ਰਹਾਂਗੇ ਜੋ ਸਾਂਝੇ ਹਿੱਤਾਂ ਨਾਲ ਜੁੜੇ ਹੋਏ ਹਨ।’