ਨਵੀਂ ਦਿੱਲੀ, 2 ਅਪਰੈਲ
ਭਾਰਤੀ ਨਿਸ਼ਾਨੇਬਾਜ਼ਾਂ ਨੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਚੀਨੀ ਤਾਇਪੈ ਦੇ ਤਾਓਯੁਆਨ ਵਿੱਚ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਦੇ ਅੱਜ ਅੰਤਿਮ ਦਿਨ ਪੰਜ ਸੋਨ ਤਗ਼ਮੇ ਜਿੱਤ ਕੇ ਆਪਣੀ ਸੁਨਹਿਰੀ ਮੁਹਿੰਮ ਖ਼ਤਮ ਕੀਤੀ ਹੈ। ਭਾਰਤ ਨੇ ਮੁਕਾਬਲੇ ਵਿੱਚ 16 ਸੋਨੇ, ਪੰਜ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 25 ਤਗ਼ਮੇ ਜਿੱਤੇ ਹਨ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਯਸ਼ ਵਰਧਨ ਅਤੇ ਸ਼੍ਰੇਆ ਅਗਰਵਾਲ ਨੇ ਤਿੰਨ-ਤਿੰਨ ਸੋਨ ਤਗ਼ਮੇ ਫੁੰਡੇ। ਯਸ਼ ਨੇ ਪੁਰਸ਼ ਜੂਨੀਅਰ 10 ਮੀਟਰ ਏਅਰ ਰਾਈਫਲ ਵਿੱਚ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਸਿਰਫ਼ ਪ੍ਰਜਾਪਤੀ ਅਤੇ ਐਸ਼ਵਰੀ ਤੋਮਰ ਨਾਲ ਮਿਲ ਕੇ ਟੀਮ ਸੋਨ ਤਗ਼ਮਾ ਵੀ ਜਿੱਤਿਆ। ਯਸ਼ ਨੇ 249.5 ਅੰਕ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਕੇਵਲ (247.3 ਅੰਕ) ਅਤੇ ਐਸ਼ਵਰੀ (226.1 ਅੰਕ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਫੁੰਡਿਆ।
ਇਸ ਤੋਂ ਪਹਿਲਾਂ ਯਸ਼ ਅਤੇ ਸ਼੍ਰੇਆ ਦੀ ਜੋੜੀ ਨੇ ਮਿਕਸਡ ਟੀਮ ਰਾਈਫਲ ਜੂਨੀਅਰ ਮੁਕਾਬਲੇ ਵਿੱਚ ਸੋਨ ਤਗ਼ਮਾ ਹਾਸਲ ਕੀਤਾ। ਸ਼੍ਰੇਆ ਨੇ 10 ਮੀਟਰ ਏਅਰ ਰਾਈਫਲ ਮਹਿਲਾ ਜੂਨੀਅਰ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ ਮੇਹੁਲੀ ਘੋਸ਼ ਅਤੇ ਕਵੀ ਚੱਕਰਵਰਤੀ ਨਾਲ ਮਿਲ ਕੇ ਟੀਮ ਵਿੱਚ ਵੀ ਸੁਨਹਿਰੀ ਤਗ਼ਮੇ ’ਤੇ ਨਿਸ਼ਾਨਾ ਲਾਇਆ।
ਸ਼੍ਰੇਆ ਨੇ 24 ਸ਼ਾਟ ਮਾਰ ਕੇ ਫਾਈਨਲ ਵਿੱਚ 242.5 ਅੰਕ ਹਾਸਲ ਕੀਤੇ। ਮੇਹੁਲੀ ਨੂੰ 228.3 ਅੰਕਾਂ ਨਾਲ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਮਿਲੀ, ਜਦਕਿ ਕਵੀ ਚੌਥੇ ਸਥਾਨ ’ਤੇ ਰਹੀ। ਭਾਰਤੀ ਨਿਸ਼ਾਨੇਬਾਜ਼ਾਂ ਦੀ ਟੀਮ ਹੁਣ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਲ ਇਨ ਵਿੱਚ ਪੰਜ ਅਪਰੈਲ ਤੋਂ ਆਈਐਸਐਸਐਫ ਸ਼ਾਟਗੰਨ ਵਿਸ਼ਵ ਕੱਪ ਗੇੜ-2 ਵਿੱਚ ਹਿੱਸਾ ਲਵੇਗੀ।