ਦੁਬਈ, 4 ਮਾਰਚ
ਨਿਊਜ਼ੀਲੈਂਡ ਤੋਂ ਟੈਸਟ ਲੜੀ 0-2 ਨਾਲ ਗੁਆਉਣ ਦੇ ਬਾਵਜੂਦ ਭਾਰਤੀ ਕ੍ਰਿਕਟ ਟੀਮ ਅੱਜ ਜਾਰੀ ਤਾਜ਼ਾ ਆਈਸੀਸੀ ਟੈਸਟ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਕਾਬਜ਼ ਹੈ ਜਦਕਿ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਨੰਬਰ ’ਤੇ ਹੈ। ਭਾਰਤੀ ਟੀਮ ਦੇ 116 ਅੰਕ ਹਨ। ਉਸ ਦੇ ਦੂਜੇ ਸਥਾਨ ’ਤੇ ਕਾਬਜ਼ ਨਿਊਜ਼ੀਲੈਂਡ ਤੋਂ ਛੇ ਅੰਕ ਵੱਧ ਹਨ। ਆਸਟਰੇਲੀਆ 108 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਨੂੰ ਪਹਿਲੀ ਵਾਰ ਕਿਸੇ ਲੜੀ ਵਿੱਚ ਹਾਰ ਝੱਲਣੀ ਪਈ ਹੈ।
ਟੈਸਟ ਲੜੀ ਦੀਆਂ ਚਾਰ ਪਾਰੀਆਂ ਵਿੱਚ ਸਿਰਫ਼ 38 ਦੌੜਾਂ ਬਣਾਉਣ ਵਾਲਾ ਕੋਹਲੀ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਕਾਇਮ ਹੈ। ਉਹ ਲੜੀ ਤੋਂ ਪਹਿਲਾਂ ਦਰਜਾਬੰਦੀ ਵਿੱਚ ਚੋਟੀ ’ਤੇ ਸੀ। ਭਾਰਤੀ ਕਪਤਾਨ ਪਹਿਲੇ ਟੈਸਟ ਮਗਰੋਂ ਦੂਜੇ ਸਥਾਨ ’ਤੇ ਖਿਸਕ ਗਿਆ ਜਦਕਿ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੇ ਉਸ ਦੀ ਥਾਂ ਲੈ ਲਈ। ਉਹ ਕੋਹਲੀ ਤੋਂ 25 ਅੰਕ ਅੱਗੇ ਹੈ। ਦਰਜਾਬੰਦੀ ਵਿੱਚ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਟੌਮ ਬਲੰਡੇਲ ਅਤੇ ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਨੂੰ ਸਭ ਤੋਂ ਵੱਧ ਫ਼ਾਇਦਾ ਹੋਇਆ। ਬਲੰਡੇਲ ਨੇ ਲੜੀਆਂ ਦੀਆਂ ਚਾਰ ਪਾਰੀਆਂ ਵਿੱਚ ਇੱਕ ਨੀਮ ਸੈਂਕੜੇ ਦੀ ਮਦਦ ਨਾਲ 117 ਦੌੜਾਂ ਬਣਾਈਆਂ। ਉਹ 27 ਦਰਜਿਆਂ ਦੇ ਸੁਧਾਰ ਨਾਲ 46ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕ੍ਰਾਈਸਟਚਰਚ ਟੈਸਟ ’ਚ 54 ਦੌੜਾਂ ਦੀ ਪਾਰੀ ਖੇਡਣ ਵਾਲਾ ਪ੍ਰਿਥਵੀ ਸ਼ਾਅ (17 ਦਰਜਿਆਂ ਦੇ ਸੁਧਾਰ ਨਾਲ) 76ਵੇਂ ਸਥਾਨ ’ਤੇ ਪਹੁੰਚ ਗਿਆ। ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਇੱਕ ਦਰਜੇ ਦੇ ਨੁਕਸਾਨ ਨਾਲ ਚੌਥੇ ਨੰਬਰ ’ਤੇ ਖਿਸਕ ਗਿਆ, ਜਦਕਿ ਆਸਟਰੇਲੀਆ ਦਾ ਮਾਰਨਸ ਲਾਬੂਸ਼ਾਨੇ ਤੀਜੇ ਸਥਾਨ ’ਤੇ ਆ ਗਿਆ। ਇੰਗਲੈਂਡ ਦਾ ਹਰਫ਼ਨਮੌਲਾ ਬੈੱਨ ਸਟੋਕਸ ਚੋਟੀ ਦੇ 10 ਖਿਡਾਰੀਆਂ ਵਿੱਚ ਥਾਂ ਬਣਾਉਣ ’ਚ ਸਫਲ ਰਿਹਾ, ਜਦਕਿ ਮਯੰਕ ਅਗਰਵਾਲ 10ਵੇਂ ਤੋਂ 11ਵੇਂ ਨੰਬਰ ’ਤੇ ਖਿਸਕਿਆ। ਚੇਤੇਸ਼ਵਰ ਪੁਜਾਰਾ ਸੱਤਵੇਂ ਅਤੇ ਅਜਿੰਕਿਆ ਰਹਾਣੇ ਨੌਵੇਂ ਸਥਾਨ ’ਤੇ ਹਨ।
ਭਾਰਤ ਖ਼ਿਲਾਫ਼ ਟੈਸਟ ਲੜੀ ਵਿੱਚ ‘ਮੈਨ ਆਫ ਦਿ ਸੀਰੀਜ਼’ ਰਿਹਾ ਟਿਮ ਸਾਊਦੀ ਗੇਂਦਬਾਜ਼ਾਂ ਵਿੱਚ ਚੌਥੇ ਨੰਬਰ ’ਤੇ ਪਹੁੰਚ ਗਿਆ। ਜਸਪ੍ਰੀਤ ਬੁਮਰਾਹ ਅਤੇ ਟ੍ਰੈਂਟ ਬੋਲਟ ਚਾਰ-ਚਾਰ ਦਰਜੇ ਸੁਧਾਰ ਕੇ ਕ੍ਰਮਵਾਰ ਸੱਤਵੇਂ ਅਤੇ ਨੌਵੇਂ ਸਥਾਨ ’ਤੇ ਹਨ। ਗੇਂਦਬਾਜ਼ਾਂ ਦੀ ਸੂਚੀ ਵਿੱਚ ਜੈਮੀਸਨ ਨੂੰ ਸਭ ਤੋਂ ਵੱਧ ਫ਼ਾਇਦਾ ਮਿਲਿਆ, ਜੋ (43 ਦਰਜੇ ਉਪਰ) 80ਵੇਂ ਸਥਾਨ ’ਤੇ ਹੈ। ਹਰਫ਼ਨਮੌਲਿਆਂ ਦੀ ਸੂਚੀ ਵਿੱਚ ਉਹ 26 ਦਰਜਿਆਂ ਦੇ ਸੁਧਾਰ ਨਾਲ 22ਵੇਂ ਸਥਾਨ ’ਤੇ ਆ ਗਿਆ। ਇਸ ਸੂਚੀ ਵਿੱਚ ਰਵਿੰਦਰ ਜਡੇਜਾ ਤੀਜੇ ਅਤੇ ਰਵੀਚੰਦਰਨ ਅਸ਼ਵਿਨ ਪੰਜਵੇਂ ਸਥਾਨ ’ਤੇ ਬਰਕਰਾਰ ਹਨ।