ਮਾਊਂਟ ਮੌਨਗਨੂਈ: ਬੱਲੇਬਾਜ਼ਾਂ ਦੇ ਨਮੋਸ਼ੀਜਨਕ ਪ੍ਰਦਰਸ਼ਨ ਕਾਰਨ ਭਾਰਤ ਨੂੰ ਅੱਜ ਇੱਥੇ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਤੋਂ ਚਾਰ ਵਿਕਟਾਂ ਨਾਲ ਹਾਰ ਝੱਲਣੀ ਪਈ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਨਾਕਆਊਟ ਵਿੱਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਇੰਗਲੈਂਡ ਇਸ ਤੋਂ ਪਹਿਲਾਂ ਤਿੰਨ ਲੀਗ ਮੁਕਾਬਲੇ ਹਾਰ ਗਿਆ ਸੀ। ਇਸ ਲਈ ਇਹ ਉਸ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ ਸੀ। ਟੀਮ ਅੰਕ ਸੂਚੀ ਵਿੱਚ ਸੱਤਵੇਂ ਤੋਂ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ। ਭਾਰਤ ਨੇ ਚਾਰ ਮੁਕਾਬਲਿਆਂ ਵਿੱਚੋਂ ਦੋ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਏਨੇ ਹੀ ਮੈਚ ਹਾਰੇ ਹਨ। ਇਸ ਤਰ੍ਹਾਂ ਟੀਮ ਤੀਜੇ ਸਥਾਨ ’ਤੇ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 36.2 ਓਵਰਾਂ ਵਿੱਚ ਸਿਰਫ਼ 134 ਦੌੜਾਂ ਹੀ ਬਣਾ ਸਕੀ। ਭਾਰਤੀ ਬੱਲੇਬਾਜ਼ਾਂ ਵਿੱਚੋਂ ਸਿਰਫ਼ ਸਮ੍ਰਿਤੀ ਮੰਧਾਨਾ ਦੀਆਂ ਸਭ ਤੋਂ ਵੱਧ 35 ਦੌੜਾਂ ਸਨ। ਵਿਕਟਕੀਪਰ ਤੇ ਬੱਲੇਬਾਜ਼ ਰਿਚਾ ਘੋਸ਼ ਨੇ 33 ਦੌੜਾਂ ਬਣਾਈਆਂ।