ਮੁੰਬਈ, 7 ਦਸੰਬਰ
ਭਾਰਤ ਨੇ ਜੈਅੰਤ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦੂਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਅੱਜ ਸਵੇਰੇ ਪਹਿਲੇ ਘੰਟੇ ਵਿੱਚ ਹੀ ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਝਟਕਾ ਕੇ 372 ਦੌੜਾਂ ਦੀ ਰਿਕਾਰਡ ਜਿੱਤ ਦਰਜ ਕੀਤੀ ਹੈ। ਮੇਜ਼ਬਾਨ ਟੀਮ ਨੇ ਇਸ ਦੇ ਨਾਲ ਹੀ ਦੋ ਮੈਚਾਂ ਦੀ ਲੜੀ 1-0 ਨਾਲ ਆਪਣੇ ਨਾਮ ਕਰ ਲਈ ਹੈ। ਦਿਨ ਦੀ ਖੇਡ ਸ਼ੁਰੂ ਦੇ 45 ਮਿੰਟ ਦੇ ਅੰਦਰ ਹੀ ਭਾਰਤ ਨੇ 540 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਨੂੰ 56.3 ਓਵਰਾਂ ਵਿੱਚ 167 ਦੌੜਾਂ ’ਤੇ ਆਊਟ ਕਰ ਦਿੱਤਾ। ਰਵੀਚੰਦਰਨ ਅਸ਼ਵਿਨ ਨੇ 34 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਸ ਨੇ ਭਾਰਤ ਲਈ ਆਪਣੀ 300ਵੀਂ ਟੈਸਟ ਵਿਕਟ ਲੈ ਕੇ ਨਿਊਜ਼ੀਲੈਂਡ ਦੀ ਪਾਰੀ ਦਾ ਅੰਤ ਕੀਤਾ।
ਭਾਰਤ ਦੀ ਆਪਣੀ ਸਰਜ਼ਮੀਨ ’ਤੇ ਦੌੜਾਂ ਦੇ ਹਿਸਾਬ ਨਾਲ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ 337 ਦੌੜਾਂ ਦਾ ਸੀ, ਜੋ ਉਸ ਨੇ ਦੱਖਣੀ ਅਫਰੀਕਾ ਖ਼ਿਲਾਫ਼ 2015 ਦੌਰਾਨ ਦਿੱਲੀ ਵਿੱਚ ਬਣਾਇਆ ਸੀ। ਕਾਨਪੁਰ ਵਿੱਚ ਆਪਣੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਟੈਸਟ ਮੈਚ ਡਰਾਅ ਕਰਵਾਉਣ ਵਾਲੀ ਨਿਊਜ਼ੀਲੈਂਡ ਦੀ ਟੀਮ ਮੁੰਬਈ ਵਿੱਚ ਸੰਘਰਸ਼ ਨਹੀਂ ਕਰ ਸਕੀ। ਐਜਾਜ਼ ਪਟੇਲ ਨੇ ਇੱਥੇ ਪਾਰੀ ਵਿੱਚ ਦਸ ਵਿਕਟਾਂ ਲੈ ਕੇ ਇਤਿਹਾਸਕ ਕਾਰਨਾਮਾ ਕੀਤਾ, ਜਿਸ ਨੂੰ ਨਿਊਜ਼ੀਲੈਂਡ ਜ਼ਰੂਰ ਯਾਦ ਰੱਖੇਗਾ। ਦਿਲਚਸਪ ਗੱਲ ਇਹ ਰਹੀ ਕਿ ਪਟੇਲ ਨੇ ਨਿਊਜ਼ੀਲੈਂਡ ਵੱਲੋਂ ਦੋਵਾਂ ਪਾਰੀਆਂ ਵਿੱਚ 73.5 ਓਵਰ ਗੇਂਦਬਾਜ਼ੀ ਕੀਤੀ, ਜਦਕਿ ਉਨ੍ਹਾਂ ਦੀ ਟੀਮ ਦੋਵਾਂ ਪਾਰੀਆਂ ਵਿੱਚ 84.4 ਓਵਰਾਂ ਤੱਕ ਹੀ ਬੱਲੇਬਾਜ਼ੀ ਕਰ ਸਕੀ। ਨਿਊਜ਼ੀਲੈਂਡ ਨੇ ਸਵੇਰੇ 140/5 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਜੈਅੰਤ ਨੇ 49 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।