ਬੰਗਲੂਰੂ, 25 ਅਗਸਤ
ਚੰਦਰਯਾਨ-3 ਦੇ ਚੰਦ ਦੀ ਸਤਹਿ ’ਤੇ ਉਤਰਨ ਮਗਰੋਂ ਲੈਂਡਰ ਮੌਡਿਊਲ (ਐੱਲਐੱਮ) ਤੋਂ ਰੋਵਰ ‘ਪ੍ਰਗਿਆਨ’ ਬਾਹਰ ਆ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ‘ਭਾਰਤ ਨੇ ਚੰਦ ‘ਤੇ ਸੈਰ ਕੀਤੀ।’’ ਇਸਰੋ ਚੇਅਰਮੈਨ ਐੱਸ.ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਸਪੇਸਕ੍ਰਾਫਟ ਦਾ ਲੈਂਡਰ ‘ਵਿਕਰਮ’ ਚੰਦ ਦੀ ਸਤਹਿ ’ਤੇ ਉਸੇ ਥਾਂ ਲੈਂਡ ਕੀਤਾ ਹੈ, ਜਿਸ ਖੇਤਰ ਦੀ ਇਸ ਮੰਤਵ ਲਈ ਪਛਾਣ ਕੀਤੀ ਗਈ ਸੀ। ਇਸ ਦੌਰਾਨ ਇਸਰੋ ਨੇ ਆਸ ਜਤਾਈ ਕਿ ਲੈਂਡਰ ਤੇ ਰੋਵਰ ਦੀ ਮਿਸ਼ਨ ਲਾਈਫ਼ ਇਕ ਚੰਦ ਦਿਨ ਤੱਕ ਸੀਮਤ ਨਹੀਂ ਰਹੇਗੀ। ਇਸਰੋ ਵਿਗਿਆਨੀਆਂ ਨੇ ਕਿਹਾ ਕਿ ਚੰਦ ’ਤੇ ਮੁੜ ਸੂਰਜ ਉੱਗਦੇ ਹੀ ਇਹ ਮੁੜ ਹਰਕਤ ਵਿੱਚ ਆ ਜਾਣਗੇ ਤੇ ਉਥੇ ਤਜਰਬਿਆਂ ਤੇ ਅਧਿਐਨ ਦੇ ਅਮਲ ਨੂੰ ਪੂਰਾ ਕਰਨਗੇ।

ਇਸਰੋ ਨੇ ਆਪਣੇ ਅਧਿਕਾਰਤ ‘ਐਕਸ’ ਹੈਂਡਲ ’ਤੇ ਕਿਹਾ ਕਿ ਰੋਵਰ ਬਾਹਰ ਆ ਗਿਆ ਹੈ। ਇਸਰੋ ਨੇ ਕਿਹਾ, ‘‘ਚੰਦਰਯਾਨ-3 ਰੋਵਰ: ‘ਮੇਡ ਇਨ ਇੰਡੀਆ- ਮੇਡ ਫਾਰ ਮੂਨ! ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਬਾਹਰ ਨਿਕਲਿਆ ਅਤੇ ਭਾਰਤ ਨੇ ਚੰਦ ਦੀ ਸੈਰ ਕੀਤੀ।’’ ਇਸ ਤੋਂ ਪਹਿਲਾਂ ਸੂਤਰਾਂ ਨੇ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਦੇ ਸਫ਼ਲਤਾ ਨਾਲ ਬਾਹਰ ਨਿਕਲਣ ਦੀ ਪੁਸ਼ਟੀ ਕੀਤੀ ਸੀ। ਸੋਮਨਾਥ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਲੈਂਡਰ ਆਪਣੀ ਥਾਂ ’ਤੇ ਉੱਤਰਿਆ ਹੈ। ਲੈਂਡਿੰਗ ਲੋਕੇਸ਼ਨ ਨੂੰ 4.5 ਕਿਲੋਮੀਟਰ X 2.5 ਕਿਲੋਮੀਟਰ ਵਜੋਂ ਮਾਰਕ ਕੀਤਾ ਗਿਆ ਸੀ…ਇਹ ਇਸ ਪੁਆਇੰਟ ਦੇ 300 ਮੀਟਰ ਦੇ ਅੰਦਰ ਹੀ ਲੈਂਡ ਕੀਤਾ ਹੈ।’’ ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਸਰੋ ਟੀਮ ਨੂੰ ਪ੍ਰਗਿਆਨ ਦੀ ਸਫ਼ਲ ਤਾਇਨਾਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ, ‘‘ਵਿਕਰਮ ਦੀ ਸਫ਼ਲ ਲੈਂਡਿੰਗ ਦੇ ਕੁਝ ਘੰਟਿਆਂ ਮਗਰੋਂ ਪ੍ਰਗਿਆਨ ਦੇ ਬਾਹਰ ਨਿਕਲਣ ਨਾਲ ਚੰਦਰਯਾਨ-3 ਦਾ ਇਕ ਹੋਰ ਪੜਾਅ ਸਫ਼ਲ ਰਿਹਾ। ਦੇਸ਼ ਦੇ ਆਪਣੇ ਨਾਗਰਿਕਾਂ ਤੇ ਵਿਗਿਆਨੀਆਂ ਨਾਲ ਮੈਂ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ। ਪ੍ਰਗਿਆਨ ਵੱਲੋਂ ਕੀਤੀ ਜਾਣ ਵਾਲੀ ਸਮੀਖਿਆ ਤੇ ਇਕੱਤਰ ਜਾਣਕਾਰੀ ਨਾਲ ਚੰਦ ਬਾਰੇ ਸਾਡੀ ਸਮਝ ਵਿੱਚ ਹੋਰ ਵਾਧਾ ਹੋਵੇਗਾ।’’ ਚੰਦਰਯਾਨ-3 ਦੇ ਲੈਂਡਰ ਮੌਡਿਊਲ ਵਿਕਰਮ ਨੇ ਬੁੱਧਵਾਰ ਨੂੰ ਚੰਦ ਦੀ ਸਤਹਿ ’ਤੇ ਭਾਰਤੀ ਸਮੇਂ ਅਨੁਸਾਰ ਸ਼ਾਮੀਂ 6:04 ਵਜੇ ਸਾਫ਼ਟ ਲੈਂਡਿੰਗ ਕੀਤੀ ਸੀ। ਲੈਂਡਰ (ਵਿਕਰਮ) ਤੇ ਰੋਵਰ (ਪ੍ਰਗਿਆਨ), ਜਿਨ੍ਹਾਂ ਦਾ ਕੁੱਲ ਵਜ਼ਨ 1752 ਕਿਲੋ ਹੈ, ਇੰਜ ਡਿਜ਼ਾਈਨ ਕੀਤੇ ਗਏ ਹਨ ਕਿ ਉਹ ਇਕ ਲੂਨਰ ਡੇਅਲਾਈਟ ਅਰਸੇ (ਲਗਪਗ 14 ਧਰਤੀ ਦਿਨ) ਲਈ ਆਪਣੇ ਚੌਗਿਰਦੇ ਦਾ ਅਧਿਐਨ ਕਰ ਸਕਣਗੇ। ਇਸਰੋ ਅਧਿਕਾਰੀਆਂ ਨੇ ਹਾਲਾਂਕਿ ਇਸ ਦੇ ੲਿਕ ਹੋਰ ਲੂਨਰ ਦਿਨ ਲਈ ਜੀਵੰਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਰੋਵਰ ਆਪਣੇ ਮਿਸ਼ਨ ਦੌਰਾਨ ਚੰਦ ਦੀ ਸਤਹਿ ਦਾ ਰਸਾਇਣਕ ਮੁਲਾਂਕਣ ਵੀ ਕਰੇਗਾ। ਲੈਂਡਰ ਤੇ ਰੋਵਰ ਚੰਦ ਦੀ ਸਤਹਿ ’ਤੇ ਤਜਰਬੇ ਕਰਨ ਲਈ ਵਿਗਿਆਨਕ ਪੇਅਲੋਡਜ਼ ਨਾਲ ਲੈਸ ਹਨ। ਰੋਵਰ ਆਪਣੇ ਪੇਅਲੋਡਜ਼ ਏਪੀਐੱਕਸਐੈੱਸ- ਅਲਫ਼ਾ ਪਾਰਟੀਕਲ ਐਕਸਰੇਅ ਸਪੈਕਟੋਮੀਟਰ ਦੀ ਮਦਦ ਨਾਲ ਚੰਦ ਦੀ ਸਤਹਿ ਦਾ ਅਧਿਐਨ ਕਰੇਗਾ। ਪ੍ਰਗਿਆਨ ਵਿੱਚ ਇਕ ਹੋਰ ਪੇਅਲੋਡ-ਲੇਜ਼ਰ ਇੰਡਿਊਸਡ ਬ੍ਰੇਕਡਾਊਨ ਸਪੈਕਟਰੋਸਕੋਪ (ਲਿਬਸ) ਹੈ, ਜਿਸ ਦੀ ਮਦਦ ਨਾਲ ਚੰਦ ਦੀ ਮਿੱਟੀ ਤੇ ਚੱਟਾਨਾਂ ਵਿਚਲੇ ਤੱਤਾਂ ਦਾ ਪਤਾ ਲਾਇਆ ਜਾਵੇਗਾ। ਇਸਰੋ ਚੇਅਰਮੈਨ ਐੱਸ.ਸੋਮਨਾਥ ਨੇ ਪਹਿਲਾਂ ਕਿਹਾ ਸੀ, ‘‘ਲੈਂਡਿੰਗ ਸਾਈਟ ’ਤੇ ਵਿਕਰਮ ਦੇ ਉਤਰਨ ਮਗਰੋਂ ਰੋਵਰ ਇਸ ਵਿਚੋਂ ਬਾਹਰ ਆਏਗਾ। ਇਸ ਮਗਰੋਂ ਇਕ ਤੋਂ ਬਾਅਦ ਇਕ ਤਜਰਬੇ ਕੀਤੇ ਜਾਣਗੇ…ਤੇ ਇਨ੍ਹਾਂ ਸਾਰਿਆਂ ਨੂੰ ਚੰਦ ’ਤੇ ਇਕ ਦਿਨ, ਜੋ ਧਰਤੀ ਦੇ 14 ਦਿਨ ਬਣਦੇ ਹਨ, ਵਿਚ ਪੂਰਾ ਕਰਨਾ ਹੋਵੇਗਾ।’’

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਗਿਆਨ ਕਰ ਕੇ ਭਾਰਤ ਦੀ ਚੰਦਰਮਾ ਤੱਕ ਪੁਲਾਂਘ ਸੰਭਵ ਹੋਈ ਹੈ। ਉਨ੍ਹਾਂ ਚੰਦਰਯਾਨ-3 ਦੀ ਸਫ਼ਲਤਾ ਲਈ ਭੇਜੇ ਵਧਾਈ ਸੰਦੇਸ਼ਾਂ ਲਈ ਆਲਮੀ ਆਗੂਆਂ ਦਾ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਜੌਹੈੱਨਸਬਰਗ ਵਿਚ ਬਰਿੱਕਸ ਸਿਖਰ ਵਾਰਤਾ ਤੋਂ ਇਕ ਪਾਸੇ ਸੰਖੇਪ ਬਿਆਨ ਵਿੱਚ ਕਿਹਾ, ‘‘ਮੈਨੂੰ ਲੰਘੇ ਦਿਨ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਆਲਮੀ ਪੱਧਰ ’ਤੇ ਇਸ ਨੂੰ ਇਕ ਦੇਸ਼ ਦੀ ਸਫ਼ਲਤਾ ਵਜੋਂ ਨਹੀਂ ਬਲਕਿ ਪੂਰੀ ਮਾਨਵ ਜਾਤੀ ਦੀ ਸਫ਼ਲਤਾ ਵਜੋਂ ਦੇਖਿਆ ਜਾ ਰਿਹੈ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਇਹ ਪੂਰੇ ਵਿਸ਼ਵ ਵੱਲੋਂ ਭਾਰਤੀ ਵਿਗਿਆਨੀਆਂ ਨੂੰ ਵਧਾਈਆਂ ਦੇਣ ਦਾ ਮੌਕਾ ਹੈ।’’ ਇਸਰੋ ਦੇ ਸਾਬਕਾ ਮੁਖੀ ਜੀ. ਮਾਧਵਨ ਨਾਇਰ ਨੇ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ ਨਾਲ ਭਾਰਤ ਦੇ ਕੌਮਾਂਤਰੀ ਵਪਾਰਕ ਕਰਾਰਾਂ ਨੂੰ ਵਧੇਰੇ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਗ੍ਰਹਿਆਂ ਦੀ ਖੋਜ ਪ੍ਰੋਗਰਾਮ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਹਿਲਾਂ ਹੀ ਯੂਰੋਪ ਤੇ ਅਮਰੀਕਾ ਨਾਲ ਕਈ ਵਪਾਰਕ ਕਰਾਰ ਕੀਤੇ ਹਨ।