ਨਵੀਂ ਦਿੱਲੀ, 6 ਦਸੰਬਰ

ਭਾਰਤ ਅਤੇ ਜਰਮਨੀ ਨੇ ਅੱਜ ਇੱਥੇ ਇੱਕ ਆਵਾਜਾਈ ਸਮਝੌਤੇ ’ਤੇ ਦਸਤਖ਼ਤ ਕੀਤੇ ਅਤੇ ਯੂਕਰੇਨ ਵਿਵਾਦ, ਅਫ਼ਗਾਨਿਸਤਾਨ ਦੀ ਸਥਿਤੀ ਤੇ ਪਾਕਿਸਤਾਨ ਤੋਂ ਸਰਹੱਦ ਪਾਰ ਅਤਿਵਾਦ ਸਣੇ ਮੁੱਖ ਆਲਮੀ ਚੁਣੌਤੀਆਂ ’ਤੇ ਚਰਚਾ ਕੀਤੀ।

ਜਰਮਨ ਹਮਰੁਤਬਾ ਅੰਨਾਲੇਨਾ ਬੇਅਰਬੌਕ ਨਾਲ ਮੀਟਿੰਗ ਮਗਰੋਂ ਸੰਖੇਪ ਪ੍ਰੈੱਸ ਕਾਨਫਰੰਸ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈੱਸ਼ੰਕਰ ਨੇ ਕਿਹਾ ਕਿ ਆਵਾਜਾਈ ਸਮਝੌਤੇ ਨਾਲ ਲੋਕਾਂ ਨੂੰ ਦੋਵਾਂ ਦੇਸ਼ਾਂ ਵਿੱਚ ਪੜ੍ਹਾਈ, ਖੋਜ ਅਤੇ ਕੰਮ ਕਰਨਾ ਸੁਖਾਲਾ ਹੋਵੇਗਾ ਅਤੇ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਤਤਕਾਲੀ ਦੁਵੱਲੀ ਭਾਈਵਾਲੀ ਦੇ ਮਜ਼ਬੂਤ ਆਧਾਰ ਦਾ ਸੰਕੇਤ ਹੈ। ਜੈਸ਼ੰਕਰ ਨੇ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਦਾ ਵੀ ਦ੍ਰਿੜਤਾ ਨਾਲ ਬਚਾਅ ਕੀਤਾ ਅਤੇ ਕਿਹਾ ਕਿ ਇਹ ਬਾਜ਼ਾਰ ਨਾਲ ਜੁੜੇ ਕਾਰਕਾਂ ਤੋਂ ਪ੍ਰੇਰਿਤ ਹੈ। ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬੇਅਰਬੌਕ ਊਰਜਾ, ਵਪਾਰ, ਰੱਖਿਆ ਅਤੇ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ’ਚ ਦੋਵਾਂ ਦੇਸ਼ਾਂ ਵਿਚਾਲੇ ਦੁਵੱੱਲੇ ਸਹਿਯੋਗ ਦੇ ਵਿਸਤਾਰ ’ਤੇ ਚਰਚਾ ਲਈ ਦੋ ਦਿਨਾਂ ਭਾਰਤ ਦੌਰੇ ’ਤੇ ਅੱਜ ਸਵੇਰੇ ਇੱਥੇ ਪਹੁੰਚੇ ਹਨ।

ਇਹ ਪੁੱਛਣ ’ਤੇ ਕਿ ਭਾਰਤ ਵੱਲੋਂ ਰੂਸ ਤੋਂ ਕੱਚਾ ਤੇਲ ਕਿਉਂ ਖਰੀਦਿਆ ਜਾ ਰਿਹਾ ਹੈ? ਦੇ ਜਵਾਬ ’ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਫਰਵਰੀ ਤੋਂ ਨਵੰਬਰ ਤੱਕ ਯੂਰੋਪੀਅਨ ਯੂਨੀਅਨ ਨੇ ਰੂਸ ਤੋਂ ਵੱਧ ਮਾਤਰਾ ਵਿੱਚ ਪਥਰਾਟ ਈਂਧਣ ਦਰਾਮਦ ਕੀਤਾ ਹੈ। ਸਾਂਝੀ ਪ੍ਰੈੱਸ ਕਾਨਫਰੰਸ ’ਚ ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਦੇ ਮੁੱਦੇ ’ਤੇ ਭਾਰਤ ਦਾ ਸਟੈਂਡ ਸਪੱਸ਼ਟ ਹੈ ਕਿ ਇਹ ਜੰਗ ਦਾ ਸਮਾਂ ਨਹੀਂ ਹੈ ਅਤੇ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ। ਇਸ ਮੌਕੇ ਬੇਅਰਬੌਕ ਨੇ ਕਿਹਾ ਕਿ ਭਾਰਤ ਕਈ ਦੇਸ਼ਾਂ ਲਈ ‘ਆਦਰਸ਼’ ਹੈ ਅਤੇ ਜਰਮਨੀ ਭਾਰਤ ਨਾਲ ਸੁਰੱਖਿਆ ਸਹਿਯੋਗ ਮਜ਼ਬੂਤ ਕਰਨਾ ਚਾਹੁੰਦਾ ਹੈ। ਖਿੱਤੇ ਵਿੱਚ ਚੀਨ ਦੀਆਂ ਚੁਣੌਤੀਆਂ ਸਬੰਧੀ ਸਵਾਲ ਦੇ ਜਵਾਬ ਵਿੱਚ ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬੇਅਰਬੌਕ ਨੇ ਚੀਨ ਨੂੰ ਕਈ ਮਾਅਨਿਆਂ ’ਚ ਮੁਕਾਬਲੇਬਾਜ਼ ਦੱਸਦਿਆਂ ਕਿਹਾ ਕਿ ਖ਼ਤਰਿਆਂ ਦਾ ਮੁਲਾਂਕਣ ਕਰਨ ਦੀ ਲੋੜ ਹੈ।

ਜੈਸ਼ੰਕਰ ਨੇ ਕਿਹਾ, ‘‘ਅਸੀਂ ਅਫ਼ਗਾਨਿਸਤਾਨ ਦੀ ਸਥਿਤੀ ਅਤੇ ਪਾਕਿਸਤਾਨ ਬਾਰੇ ਵੀ ਚਰਚਾ ਕੀਤੀ ਜਿਸ ਵਿੱਚ ਸਰਹੱਦ ਪਾਰ ਅਤਿਵਾਦ ਨਾਲ ਸਬੰਧਤ ਵਿਸ਼ਾ ਵੀ ਸ਼ਾਮਲ ਸੀ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇਕਰ ਸਰਹੱਦ ਪਾਰੋਂ ਦਹਿਸ਼ਤਗਰਦੀ ਜਾਰੀ ਰਹਿੰਦੀ ਹੈ ਤਾਂ ਪਾਕਿਸਤਾਨ ਨਾਲ ਗੱਲਬਾਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅਸੀਂ ਹਿੰਦ ਪ੍ਰਸ਼ਾਂਤ ਤੋਂ ਇਲਾਵਾ ਇਰਾਨ ਦੇ ਮੁੱਦੇ ’ਤੇ ਵੀ ਗੱਲਬਾਤ ਕੀਤੀ।