ਨਵੀਂ ਦਿੱਲੀ, 25 ਅਗਸਤ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੇੈਸ਼ੰਕਰ ਨੇ ਅੱਜ ਆਪਣੇ ਬ੍ਰਿਟਿਸ਼ ਹਮਰੁਤਬਾ ਡੌਮਿਨਿਕ ਰਾਬ ਨਾਲ ਅਫਗਾਨਿਸਤਾਨ ਮੁੱਦੇ ’ਤੇ ਗੱਲਬਾਤ ਕੀਤੀ ਅਤੇ ਤਾਲਿਬਾਨ ਵੱਲੋਂ ਇਸ ਦੇਸ਼ ’ਤੇ ਕੀਤੇ ਕਬਜ਼ੇ ਮਗਰੋਂ ਜਾਰੀ ਘਟਨਾਕ੍ਰਮਾਂ ’ਤੇ ਚਰਚਾ ਕੀਤੀ। ਸ੍ਰੀ ਜੈਸ਼ੰਕਰ ਨੇ ਟਵੀਟ ਕੀਤਾ ਕਿ ਬ੍ਰਿਟਿਸ਼ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨਾਲ ਦੁਪਹਿਰ ਵੇਲੇ ਗੱਲਬਾਤ ਹੋਈ। ਇਹ ਗੱਲਬਾਤ ਅਫਗਾਨਿਸਤਾਨ ਮੁੱਦੇ ’ਤੇ ਕੇਂਦਰਿਤ ਸੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਭਾਰਤ ਹੋਰਨਾਂ ਦੇਸ਼ਾਂ ਦੇ ਸੰਪਰਕ ਵਿੱਚ ਹੈ। ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਗੱਲਬਾਤ ਕੀਤੀ ਸੀ। ਭਾਰਤ ਹੁਣ ਤੱਕ ਅਫਗਾਨਿਸਤਾਨ ਵਿੱਚੋਂ ਆਪਣੇ 800 ਨਾਗਰਿਕ ਕੱਢ ਚੁੱਕਾ ਹੈ।