ਵਾਸ਼ਿੰਗਟਨ, 28 ਸਤੰਬਰ

ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਚ ਸੁਧਾਰਾਂ ਦੀ ਰਫ਼ਤਾਰ ਤੇਜ਼ ਕਰਨ ਦੇ ਇਰਾਦੇ ਨਾਲ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਨੇ ਦੁਵੱਲੀ ਗੱਲਬਾਤ ਕੀਤੀ। ਪੈਂਟਾਗਨ ਨੇ ਕਿਹਾ ਕਿ ਇੰਡੀਆ-ਯੂਐੱਸ 2+2 ਸੰਵਾਦ ਦੌਰਾਨ ਹਿੰਦ ਮਹਾਸਾਗਰ ਖ਼ਿੱਤੇ ’ਚ ਸਾਂਝੀ ਗਸ਼ਤ ਕਰਨ ਤੋਂ ਇਲਾਵਾ ਪੁਲਾੜ ਅਤੇ ਸਾਈਬਰ ਖੇਤਰਾਂ ’ਚ ਸਹਿਯੋਗ ਬਾਰੇ ਚਰਚਾ ਕੀਤੀ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਵਾਨੀ ਰਾਓ ਅਤੇ ਰੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਸ਼ਵੇਸ਼ ਨੇਗੀ ਕਰ ਰਹੇ ਸਨ। ਅਮਰੀਕੀ ਵਫ਼ਦ ’ਚ ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੀ ਰੱਖਿਆ ਬਾਰੇ ਸਹਾਇਕ ਸਕੱਤਰ ਡਾਕਟਰ ਐਲੀ ਰੈਟਨਰ ਅਤੇ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਸਹਾਇਕ ਸਕੱਤਰ ਡੋਨਲਡ ਲੂ ਸ਼ਾਮਲ ਸਨ। ਇਕ ਬਿਆਨ ’ਚ ਕਿਹਾ ਗਿਆ ਕਿ ਅਧਿਕਾਰੀਆਂ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਖੇਤਰੀ ਸੁਰੱਖਿਆ ਘਟਨਾਕ੍ਰਮ ਅਤੇ ਰਣਨੀਤਕ ਤਰਜੀਹਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਪੈਂਟਾਗਨ ਨੇ ਇਕ ਬਿਆਨ ’ਚ ਕਿਹਾ ਕਿ ਦੋਵੇਂ ਮੁਲਕਾਂ ਨੇ ਅਮਰੀਕਾ-ਭਾਰਤ ਰੱਖਿਆ ਸਨਅਤੀ ਸਹਿਯੋਗ ਲਈ ਤਿਆਰ ਖਾਕੇ ਦੀ ਵੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸੁਰੱਖਿਆ ਅਤੇ ਖੁਸ਼ਹਾਲੀ ਬਹਾਲ ਰੱਖਣ ਲਈ ਦੋਵੇਂ ਮੁਲਕਾਂ ਵਿਚਕਾਰ ਮਜ਼ਬੂਤ ਭਾਈਵਾਲੀ ’ਤੇ ਜ਼ੋਰ ਦਿੱਤਾ। ਰੈਟਨਰ ਨੇ ਖੁੱਲ੍ਹੇ ਅਤੇ ਮੁਕਤ ਹਿੰਦ-ਪ੍ਰਸ਼ਾਤ ਖ਼ਿੱਤੇ ਲਈ ਭਾਰਤ ਨਾਲ ਰਲ ਕੇ ਕੰਮ ਕਰਨ ਦਾ ਅਹਿਦ ਦੁਹਰਾਇਆ।