ਵਸ਼ਿੰਗਟਨ, 21 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੀ ਕੀਤੀ ਗਈ ਇਤਿਹਾਸਕ ਫੇਰੀ ਦੇ ਇਕ ਮਹੀਨੇ ਬਾਅਦ ਅਮਰੀਕਾ ਦੇ ਸੰਸਦ ਮੈਂਬਰਾਂ ਤੇ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵ੍ਹਾਈਟ ਹਾਊਸ ਨੇ ਅੱਜ ਬਿਆਨ ਜਾਰੀ ਕੀਤਾ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੋਏ ਹਨ। ਸੰਸਦ ਮੈਂਬਰਾਂ ਤੇ ਅਧਿਕਾਰੀਆਂ ਨੇ ਵ੍ਹਾਈਟ ਹਾਊਸ ਦੇ ਲਾਅਨ ਵਿੱਚ 21 ਜੂਨ ਨੂੰ 8 ਹਜ਼ਾਰ ਤੋਂ ਵੱਧ ਭਾਰਤੀ-ਅਮਰੀਕੀਆਂ ਦੀ ਮੌਜੂਦਗੀ ਅਤੇ ਅਮਰੀਕਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਅਹਿਮ ਸੰਬੋਧਨ ਨੂੰ ਸਰਾਹਿਆ। ਉਨ੍ਹਾਂ ਨੇ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਿਚਾਲੇ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਦੋਹਾਂ ਦੇਸ਼ਾਂ ਦੇ ਸਬੰਧਾਂ ਦੇ ਅਹਿਮ ਪਹਿਲੂਆਂ (ਤੱਥਾਂ) ਬਾਰੇ ਵੀ ਗੱਲ ਕੀਤੀ।
ਅਮਰੀਕੀ ਸੈਨੇਟ ਵਿੱਚ ਬਹੁਮਤ ਦੇ ਨੇਤਾ ਸੈਨੇਟਰ ਚਕ ਸ਼ੂਮਰ ਨੇ ਇਥੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਨੂੰ ਪਸੰਦ ਕਰਦਾ ਹਾਂ। ਜ਼ਿਕਰਯੋਗ ਹੈ ਕਿ ਸ਼ੂਮਰ ਤੇ ਕਈ ਹੋਰ ਸੰਸਦ ਮੈਂਬਰ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕਰਵਾਏ ਸਾਲਾਨਾ ‘ਕਾਂਗਰਸ ਪਿਕਨਿਕ’ ਲਈ ਵ੍ਹਾਈਟ ਹਾਊਸ ਦੇ ਲਾਅਨ ਵਿੱਚ ਇਕੱਠੇ ਹੋਏ ਸਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਸਫਲ ਤੇ ਮਹੱਤਵਪੂਰਨ ਸੀ। ਭਾਰਤ ਨਾਲ ਸਬੰਧ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋਏ ਹਨ ਅਤੇ ਜਿਵੇਂ ਕਿ ਅਸੀ ਜਾਣਦੇ ਹਾਂ, ਅਸੀ ਕਈ ਅਹਿਮ ਟੀਚਿਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚੋਂ ਕਈਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕੀ ਕਾਂਗਰਸ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨ ਦੀ ਕਾਰਵਾਈ ਦੀ ਅਵਗਾਈ ਕਰਨ ਵਾਲੇ ‘ਇੰਡੀਆ ਕਾਕਸ’ ਦੇ ਸਹਿ-ਅਧਿਕਾਰੀ ਰੋਅ ਖੰਨਾ ਨੇ ਦੱਸਿਆ ਕਿ ਰੱਖਿਆ, ਅਰਥਵਿਵਸਥਾ ਤੇ ਤਕਨੀਕੀ ਖੇਤਰਾਂ ਵਿੱਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਪ੍ਰਧਾਨ ਮੰਤਰੀ ਦੀ ਯਾਤਰਾ ਦਾ ਮੁੱਖ ਮੰਤਵ ਸੀ। ਉਨ੍ਹਾਂ ਨੇ ਪੀਟੀਆਈ ਨੂੰ ਕਿਹਾ,‘‘ਮੈਂ ਭਾਰਤ ਤੇ ਅਮਰੀਕਾ ਦੇ ਸਬੰਧਾਂ ਬਾਰੇ ਬਹੁਤ ਆਸਵੰਦ ਹਾਂ ਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਨ੍ਹਾਂ ਸਬੰਧਾਂ ਨੂੰ ਅਗਲੇ ਪੱਧਰ ’ਤੇ ਲਿਜਾਣ ਵਿੱਚ ਮਦਦ ਕੀਤੀ ਹੈ। ਇਸੇ ਤਰ੍ਹਾਂ ਅਮਰੀਕੀ ਸੰਸਦ ਵਿੱਚ ਓਰਲੈਂਡੋ ਦੀ ਪ੍ਰਤੀਨਿਧਤਾ ਕਰਨ ਵਾਲੇ ਤੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਮੋਦੀ ਕੋਲ ਉਠਾਉਣ ਲਈ ਜੋਅ ਬਾਇਡਨ ਨੂੰ ਪੱਤਰ ਲਿਖਣ ਵਾਲੇ 70 ਸੰਸਦ ਮੈਂਬਰਾਂ ’ਚ ਸ਼ਾਮਲ ਮੈਕਸਵੈੱਲ ਅਲੇਜਾਂਦਰੋ ਫਰੋਸਟ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਆਏ ਤਾਂ ਸੜਕਾਂ ’ਤੇ ਲੋਕ ਉਨ੍ਹਾਂ ਨੂੰ ਦੇਖਣ ਲਈ ਖੜ੍ਹੇ ਸਨ। ਜ਼ਾਹਿਰ ਹੈ ਕਿ ਉਹ ਦੁਨੀਆ ਦੇ ਹਰਮਨ ਪਿਆਰੇ ਆਗੂਆਂ ਵਿੱਚੋਂ ਇਕ ਹਨ। ਇਸ ਲਈ ਅਮਰੀਕਾ ਵਿੱਚ ਉਨ੍ਹਾਂ ਦਾ ਸਵਾਗਤ ਕਰ ਕੇ ਚੰਗਾ ਮਹਿਸੂਸ ਹੋਇਆ।