ਬੰਗਲੁਰੂ, 20 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਹੱਲ ਕੱਢਣ ਲਈ ਇਕ ਆਦਰਸ਼ ‘ਟੈਸਟਿੰਗ ਲੈਬ’ ਹੈ ਤੇ ਜੋ ਉਪਾਅ ਦੇਸ਼ ਵਿਚ ਸਫ਼ਲ ਸਾਬਿਤ ਹੁੰਦੇ ਹਨ, ਉਨ੍ਹਾਂ ਨੂੰ ਕਿਤੇ ਵੀ ਅਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਬੰਗਲੁਰੂ ਵਿਚ ਜੀ-20 ਡਿਜੀਟਲ ਅਰਥਚਾਰਾ ਮੰਤਰੀ ਪੱਧਰ ਦੀ ਬੈਠਕ ਨੂੰ ਆਨਲਾਈਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਸੁਰੱਖਿਅਤ ਤੇ ਵਿਆਪਕ ਹੱਲ ਪੇਸ਼ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਇਕ ਭਿੰਨਤਾਵਾਂ ਵਾਲਾ ਦੇਸ਼ ਹੈ। ਸਾਡੀਆਂ ਦਰਜਨਾਂ ਭਾਸ਼ਾਵਾਂ ਤੇ ਸੈਂਕੜੇ ਬੋਲੀਆਂ ਹਨ। ਇੱਥੇ ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਤੇ ਅਣਗਿਣਤ ਸਭਿਆਚਾਰਕ ਰੀਤੀ-ਰਿਵਾਜ਼ਾਂ ਦਾ ਪਾਲਣ ਹੁੰਦਾ ਹੈ। ਭਾਰਤ ਵਿਚ ਪੁਰਾਤਨ ਰਵਾਇਤਾਂ ਤੋਂ ਲੈ ਕੇ ਆਧੁਨਿਕ ਤਕਨੀਕਾਂ ਤੱਕ ਹਰ ਕਿਸੇ ਲਈ ਕੁਝ ਨਾ ਕੁਝ ਹੈ।’ ਉਨ੍ਹਾਂ ਕਿਹਾ ਕਿ ਐਨੀਆਂ ਭਿੰਨਤਾਵਾਂ ਹੋਣ ਕਾਰਨ ਭਾਰਤ ਹੱਲ ਤਲਾਸ਼ਣ ਲਈ ਇਕ ਆਦਰਸ਼ ਪ੍ਰੀਖਣ ਪ੍ਰਯੋਗਸ਼ਾਲਾ ਹੈ। ਪ੍ਰਧਾਨ ਮੰਤਰੀ ਨੇ ਬੈਠਕ ਵਿਚ ਮੌਜੂਦ ਪ੍ਰਤੀਨਿਧੀਆਂ ਨੂੰ ਕਿਹਾ ਕਿ ਭਾਰਤ ਦੁਨੀਆ ਦੇ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਤਿਆਰ ਹੈ। ਮੋਦੀ ਨੇ ਕਿਹਾ ਕਿ ਕੋਈ ਪਿੱਛੇ ਨਾ ਰਹੇ, ਇਹ ਯਕੀਨੀ ਬਣਾਉਣ ਲਈ ਦੇਸ਼ ਨੇ ਆਨਲਾਈਨ ਏਕੀਕ੍ਰਿਤ ਡਿਜੀਟਲ ਬੁਨਿਆਦੀ ਢਾਂਚਾ ‘ਇੰਡੀਆ ਸਟੈਕਸ’ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਬੈਠਕ ਵਿਚ ਮੌਜੂਦ ਹਿੱਸੇਦਾਰਾਂ ਨੂੰ ਡਿਜੀਟਲ ਕੌਸ਼ਲ ਬਾਰੇ ਇਕ ਆਨਲਾਈਨ ਕੇਂਦਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਡਿਜੀਟਲ ਅਰਥਚਾਰੇ ਦੇ ਵਧਣ ਦੇ ਨਾਲ ਹੀ ਇਸ ਅੱਗੇ ਆਉਣ ਵਾਲੀਆਂ ਸੁਰੱਖਿਆ ਸਬੰਧੀ ਚੁਣੌਤੀਆਂ ਪ੍ਰਤੀ ਜੀ20 ਪ੍ਰਤੀਨਿਧੀਆਂ ਨੂੰ ਚੌਕਸ ਕਰਦਿਆਂ, ‘ਸੁਰੱਖਿਅਤ, ਭਰੋਸੇਯੋਗ ਤੇ ਲਚਕਦਾਰ ਡਿਜੀਟਲ ਅਰਥਚਾਰੇ ਲਈ ਜੀ20 ਦੇ ਉੱਚ ਪੱਧਰੀ ਸਿਧਾਂਤਾਂ’ ਉਤੇ ਸਰਬਸੰਮਤੀ ਬਣਾਉਣ ਦੀ ਜ਼ਰੂਰਤ ਉਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਜੀ20 ਸਾਡੇ ਕੋਲ ਇਕ ਵਿਆਪਕ, ਖੁਸ਼ਹਾਲ ਤੇ ਸੁਰੱਖਿਅਤ ਆਲਮੀ ਡਿਜੀਟਲ ਭਵਿੱਖ ਦੀ ਨੀਂਹ ਰੱਖਣ ਦਾ ਵਿਲੱਖਣ ਮੌਕਾ ਹੈ। ਅਸੀਂ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਮਾਧਿਅਮ ਨਾਲ ਵਿੱਤੀ ਸ਼ਮੂਲੀਅਤ ਤੇ ਉਤਪਾਦਕਤਾ ਨੂੰ ਹੁਲਾਰਾ ਦੇ ਸਕਦੇ ਹਾਂ।’ ਮੋਦੀ ਨੇ ਡਿਜੀਟਲ ਅਰਥਚਾਰੇ ਦੇ ਮੋਰਚੇ ਉਤੇ ਸਰਕਾਰ ਵੱਲੋਂ ਕੀਤੇ ਕਈ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਨ ਧਨ ਖਾਤੇ, ਆਧਾਰ ਤੇ ਮੋਬਾਈਲ ਫੋਨ ਨੇ ਵਿੱਤੀ ਲੈਣ-ਦੇਣ ਵਿਚ ਕ੍ਰਾਂਤੀ ਲਿਆਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ‘ਏਆਈ’ ਅਧਾਰਿਤ ਭਾਸ਼ਾ ਅਨੁਵਾਦ ਮੰਚ ‘ਭਾਸ਼ਿਣੀ’ ਤਿਆਰ ਕਰ ਰਿਹਾ ਹੈ ਤੇ ਇਹ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਡਿਜੀਟਲ ਸੰਪਰਕ ਨੂੰ ਮਜ਼ਬੂਤ ਬਣਾਉਣ ਵਿਚ ਸਹਾਈ ਹੋਵੇਗਾ।