ਵਾਸ਼ਿੰਗਟਨ, 17 ਦਸੰਬਰ

ਅਮਰੀਕੀ ਰਿਪਬਲਿਕਨ ਸੈਨੇਟਰ ਜੇਮਸੰ ਲੈਂਕਫੋਰਡ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਭਾਰਤ ਨਾਲ ਘੱਟਗਿਣਤੀਆਂ ਦੀ ਧਾਰਮਿਕ ਆਜ਼ਾਦੀ ਦੇ ਮੁੱਦੇ ’ਤੇ ਠੋਸ ਵਿਚਾਰ-ਚਰਚਾ ਕਰਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਲਮੀ ਪੱਧਰ ’ਤੇ ਧਾਰਮਿਕ ਆਜ਼ਾਦੀ ਦੇ ਪੱਖ ਤੋਂ ਵਿਸ਼ੇਸ਼ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਅਮਰੀਕਾ ਦੇ ਧਾਰਮਿਕ ਆਜ਼ਾਦੀ ਬਾਰੇ ਕਮਿਸ਼ਨ ਨੇ ਹਾਲ ਹੀ ਵਿਚ ਭਾਰਤ, ਨਾਇਜੀਰੀਆ ਤੇ ਅਫ਼ਗਾਨਿਸਤਾਨ ਬਾਰੇ ਕੁਝ ਸਿਫ਼ਾਰਿਸ਼ਾਂ ਕੀਤੀਆਂ ਸਨ ਜਿਨ੍ਹਾਂ ਨੂੰ ਵਿਦੇਸ਼ ਮੰਤਰਾਲੇ ਨੇ ਨਹੀਂ ਮੰਨਿਆ। ਇਸ ਸਾਲ ਪਹਿਲਾਂ ਵੀ ਇਕ ਰਿਪੋਰਟ ’ਚ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਸੀ ਕਿ ਉਹ ਭਾਰਤ ਨੂੰ ਧਾਰਮਿਕ ਆਜ਼ਾਦੀ ਯਕੀਨੀ ਬਣਾਉਣ ਦੇ ਮੁੱਦੇ ’ਤੇ ਵਿਸ਼ੇਸ਼ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿਚ ਰੱਖੇ। ਇਕ ਮੀਡੀਆ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਲੈਂਕਫੋਰਡ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਕਾਨੂੰਨੀ ਤੌਰ ’ਤੇ ਕਾਂਗਰਸ ਵਿਚ ਸਪੱਸ਼ਟੀਕਰਨ ਦੇਣ ਲਈ ਕਹਿਣਗੇ। ਉਨ੍ਹਾਂ ਪੱਤਰ ਵਿਚ ਲਿਖਿਆ, ‘ਭਾਰਤ ਵਿਚ ਧਾਰਮਿਕ ਆਜ਼ਾਦੀ ਦੀ ਸ਼ਰੇਆਮ ਤੇ ਵਾਰ-ਵਾਰ ਉਲੰਘਣਾ ਦੇ ਬਾਵਜੂਦ ਮੁਲਕ ਨੂੰ ਰਸਮੀ ਤੌਰ ’ਤੇ ਸੂਚੀ ਵਿਚ ਨਹੀਂ ਪਾਇਆ ਗਿਆ। ਭਾਰਤ, ਅਮਰੀਕਾ ਦਾ ਮਹੱਤਵਪੂਰਨ ਭਾਈਵਾਲ ਹੈ ਤੇ ਹਿੰਦ-ਪ੍ਰਸ਼ਾਂਤ ਵਿਚ ਵੀ ਚੀਨ ਖ਼ਿਲਾਫ਼ ਅਮਰੀਕਾ ਦਾ ਸਾਥ ਦੇ ਰਿਹਾ ਹੈ। ਅਮਰੀਕਾ ਨੂੰ ਭਾਰਤ ਵਿਚ ਵਿਗੜ ਰਹੀਂ ਘੱਟਗਿਣਤੀਆਂ ਦੀ ਹਾਲਤ ਦਾ ਮੁੁੱਦਾ ਗੰਭੀਰਤਾ ਨਾਲ ਉਠਾਉਣਾ ਚਾਹੀਦਾ ਹੈ।’