ਪੇਈਚਿੰਗ, 20 ਅਗਸਤ

ਚੀਨ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਉਸ ਬਿਆਨ ਦਾ ਪੱਖ ਪੂਰਿਆ ਹੈ ਜਿਸ ਉਨ੍ਹਾਂ ਕਿਹਾ ਸੀ ਕਿ ਜੇ ਭਾਰਤ ਤੇ ਚੀਨ ਹੱਥ ਨਹੀਂ ਮਿਲਾਉਂਦੇ ਤਾਂ ‘ਏਸ਼ੀਆ ਦੀ ਸਦੀ’ ਦਾ ਸੁਪਨਾ ਸਾਕਾਰ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਪੂਰਬੀ ਲੱਦਾਖ ਦੇ ਮਸਲੇ ਦੇ ਹੱਲ ਲਈ ਹੋਇਆ ਸੰਵਾਦ ਵੀ ‘ਅਸਰਦਾਰ’ ਰਿਹਾ ਹੈ। ਜ਼ਿਕਰਯੋਗ ਹੈ ਕਿ ਜੈਸ਼ੰਕਰ ਨੇ ਬੈਂਕਾਕ ਵਿਚ ਵੀਰਵਾਰ ਇਕ ਯੂਨੀਵਰਸਿਟੀ ਵਿਚ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਉੱਥੇ ਹਿੰਦ-ਪ੍ਰਸ਼ਾਂਤ ਨਾਲ ਜੁੜੇ ਵਿਸ਼ੇ ਉਤੇ ਭਾਸ਼ਣ ਦਿੱਤਾ ਸੀ। ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਰਿਸ਼ਤੇ ‘ਬਹੁਤ ਔਖੇ ਦੌਰ’ ਵਿਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਜਦ ਤੱਕ ਭਾਰਤ-ਚੀਨ ਨੇੜੇ ਨਹੀਂ ਆਉਂਦੇ ਉਦੋਂ ਤੱਕ ‘ਏਸ਼ੀਆ ਦੀ ਸਦੀ’ ਦਾ ਸੁਪਨਾ ਸੱਚ ਨਹੀਂ ਹੋ ਸਕੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਇਕ ਵਾਰ ਚੀਨ ਦੇ ਇਕ ਆਗੂ ਨੇ ਵੀ ਅਜਿਹੀ ਹੀ ਟਿੱਪਣੀ ਕੀਤੀ ਸੀ’। ਉਨ੍ਹਾਂ ਵੀ ਭਾਰਤ-ਚੀਨ ਦੇ ਮਜ਼ਬੂਤ ਰਿਸ਼ਤਿਆਂ ਦਾ ਪੱਖ ਪੂਰਿਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੀ ਸਭਿਅਤਾ ਬਹੁਤ ਪ੍ਰਾਚੀਨ ਹੈ, ਦੋਵੇਂ ਉੱਭਰ ਰਹੇ ਅਰਥਚਾਰੇ ਹਨ ਤੇ ਵੱਡੇ ਗੁਆਂਢੀ ਹਨ। ਵਾਂਗ ਨੇ ਕਿਹਾ ਕਿ ਚੀਨ ਤੇ ਭਾਰਤ ਦੇ ਸਾਂਝੇ ਹਿੱਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਦਕਿ ਇਨ੍ਹਾਂ ਦੇ ਮੁਕਾਬਲੇ ਵਖ਼ਰੇਵੇਂ ਬਹੁਤ ਥੋੜ੍ਹੇ ਹਨ। ਦੋਵਾਂ ਮੁਲਕਾਂ ਕੋਲ ਐਨੀ ਸਮਝ ਤੇ ਸਮਰੱਥਾ ਹੈ ਕਿ ਉਹ ਇਕ-ਦੂਜੇ ਲਈ ਖ਼ਤਰਾ ਬਣਨ ਦੀ ਬਜਾਏ, ਇਕ-ਦੂਜੇ ਨੂੰ ਮਜ਼ਬੂਤ ਕਰ ਸਕਦੇ ਹਨ। ਚੀਨ ਦੇ ਬੁਲਾਰੇ ਨੇ ਕਿਹਾ ਕਿ, ‘ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤੀ ਧਿਰ ਚੀਨ ਨਾਲ ਮਿਲ ਕੇ ਕੰਮ ਕਰ ਸਕਦੀ ਹੈ’। ਸਾਂਝੀ ਸਮਝ ਵਿਕਸਿਤ ਕਰ ਕੇ ਦੋਵੇਂ ਮੁਲਕ ਇਕ ਦੂਜੇ ਦੇ ਸਹਿਯੋਗੀ ਬਣ ਸਕਦੇ ਹਨ ਤੇ ਰਿਸ਼ਤੇ ਚੰਗੇ ਪਾਸੇ ਅੱਗੇ ਵਧ ਸਕਦੇ ਹਨ। ਵਾਂਗ ਨੇ ਨਾਲ ਹੀ ਕਿਹਾ ਕਿ ਪੂਰਬੀ ਲੱਦਾਖ ਦੇ ਮਸਲੇ ਦੇ ਹੱਲ ਲਈ ਚੀਨ ਤੇ ਭਾਰਤ ਸੰਵਾਦ ਕਰ ਰਹੇ ਹਨ ਤੇ ਇਹ ਅਸਰਦਾਰ ਸਾਬਿਤ ਹੋ ਰਿਹਾ ਹੈ। ਚੀਨ ਦੇ ਬੁਲਾਰੇ ਨੇ ਹਾਲਾਂਕਿ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਦੀ ਸ਼ਮੂਲੀਅਤ ਵਾਲੇ ‘ਕੁਆਡ’ ਗੱਠਜੋੜ ’ਤੇ ਇਤਰਾਜ਼ ਜਤਾਇਆ।