ਚੰਡੀਗੜ੍ਹ, 15 ਨਵੰਬਰ, 2019: ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਹੋਟਲ ਲਲਿਤ ਵਿਖੇ ਸਰਵ ਭਾਰਤ ਕੱਪੜਾ ਉਦਯੋਗ ਦੇ 75ਵੇਂ ਪਲੈਟੀਨਮ ਜੁਬਲੀ ਕਾਨਫ਼ਰੰਸ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਮਾਗਮ ਦੇ ਮਹਿਮਾਨ ਅਸ਼ੀਸ਼ ਬਗਰੌੜੀਆ, ‘ਟਾਈ’ ਚੰਡੀਗੜ੍ਹ ਦੇ ਪ੍ਰਧਾਨ ਐੱਲ ਕੇ ਸਿੰਘ, ਕਾਨਫਰੰਸ ਦੇ ਚੇਅਰਮੈਨ ਐੱਸ ਐੱਨ ਸੋਢੀ, ਰਾਜੀਵ ਗਰਗ, ਮੁਕੇਸ਼ ਤਿਆਗੀ ਅਤੇ ‘ਟਾਈ’ ਦੇ ਸਕੱਤਰ ਸਤੀਸ਼ ਮਰਵਾਹਾ ਦੀ ਹਾਜ਼ਰੀ ਵਿੱਚ ਸ਼ਮਾਂ ਜਗਾ ਕੇ ਸਮਾਗਮ ਦਾ ਅਗਾਜ ਕੀਤਾ।
ਆਪਣੇ ਸੰਬੋਧਨ ਵਿੱਚ ਗਵਰਨਰ ਨੇ ਕੱਪੜਾ ਐਸੋਸੀਏਸ਼ਨ ਦੇ ਚੰਡੀਗੜ੍ਹ ਯੂਨਿਟ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਭਰ ਦੇ ਕੱਪੜਾ ਵਪਾਰੀਆਂ ਨੂੰ ਇੱਕ ਛੱਤ ਥੱਲੇ ਇਕੱਠਾ ਕਰਕੇ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਵਿੱਚ ਹੀ ਕੱਪੜਾ ਉਦਯੋਗ ਅਤੇ ਸਮੁੱਚੇ ਭਾਰਤ ਦੇ ਵਿਕਾਸ ਲਈ ਵਿਚਾਰ ਚਰਚਾਵਾਂ ਹੋ ਸਕਦੀਆਂ ਹਨ। ਉਨ੍ਹਾਂ ਆਏ ਹੋਏ ਵਪਾਰੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਗਵਰਨਰ ਨੇ ਕਿਹਾ ਕਿ ਇਸ ਸਮੇਂ ਭਾਰਤ ਆਰਥਿਕ ਤੌਰ ਤੇ ਵਿਸ਼ਵ ਗੁਰੂ ਬਣਨ ਦੇ ਰਾਹ ਤੇ ਹੈ ਅਤੇ ਕੱਪੜਾ ਉਦਯੋਗ ਇਸ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਸਕਦਾ ਹੈ ਕਿਉਂ ਜੋ ਕੱਪੜਾ ਐਸੋਸੀਏਸ਼ਨ ਭਾਰਤ ਦੀ ਸਭ ਤੋਂ ਵੱਡੀ ਸੰਸਥਾ ਹੈ ਜਿਸ ਨੇ ਕਿ ਅੱਜ ਦੇ ਸਮੇਂ ਵਿੱਚ 11 ਕਰੋੜ ਭਾਰਤੀਆਂ ਨੂੰ ਨੌਕਰੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਮੌਜੂਦਾ ਆਰਥਿਕ ਹਾਲਾਤਾਂ ਦੇ ਦੌਰ ਵਿੱਚ ਭਾਰਤ ਦਾ ਕੱਪੜਾ ਉਦਯੋਗ ਹੋਰ ਵੀ ਤੇਜ਼ੀ ਨਾਲ ਅੱਗੇ ਵਧ ਸਕਦਾ ਹੈ ਅਤੇ ਇਸ ਸਮੇਂ ਭਾਰਤ ਦਾ ਘਰੇਲੂ ਕੱਪੜਾ ਉਦਯੋਗ ਇੱਕ ਚੰਗੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਕੱਪੜਾ ਉਦਯੋਗ ਵਿੱਚ ਪੰਜਾਬ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਗਵਰਨਰ ਨੇ ਕਿਹਾ ਕਿ ਪੰਜਾਬ ਇਸ ਸਮੇਂ ਸਾਰੇ ਭਾਰਤ ਦਾ ਕਰੀਬ 65 ਪ੍ਰਤੀਸ਼ਤ ਕੱਪੜੇ ਦਾ ਨਿਰਮਾਣ ਕਰ ਰਿਹਾ ਹੈ ਜਦਕਿ ਭਾਰਤ ਦਾ 95 ਪ੍ਰਤੀਸ਼ਤ ਉੱਨੀ ਕੱਪੜਾ ਪੰਜਾਬ ਵਿੱਚ ਹੀ ਬਣ ਰਿਹਾ ਹੈ। ੳੁਨ੍ਹਾਂ ਕਿਹਾ ਕਿ ਕੱਪੜਾ ਉਦਯੋਗ ਦੀ ਖੋਜ ਅਤੇ ਡਿਜ਼ਾਈਨ ਲਈ ਪੰਜਾਬ ਵਿੱਚ ਦੋ ਸੈਂਟਰ ਮੁਹਾਲੀ ਅਤੇ ਅੰਮ੍ਰਿਤਸਰ ਵਿੱਚ ਬਣਾਏ ਗਏ ਹਨ ਜੋ ਕਿ ਬਹੁਤ ਅੱਛਾ ਕਾਰਜ ਕਰ ਰਹੇ ਹਨ ਅਤੇ ਇਸ ਉਦਯੋਗ ਨੂੰ ਆਪਣੀਆ ਨਵੀਆਂ ਖੋਜਾਂ ਰਾਹੀਂ ਸੇਵਾਵਾਂ ਦੇ ਰਹੇ ਹਨ।
ਕਪੜਾ ਉਦਯੋਗ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਇਕੱਠੇ ਹੋ ਕੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਦਾ ਸੱਦਾ ਦਿੰਦਿਆਂ ਗਵਰਨਰ ਨੇ ਕਿਹਾ ਕਿ ਨਵੀਂ ਖੋਜ ਅਤੇ ਤਕਨੀਕ ਨਾਲ ਹੀ ਇਨ੍ਹਾਂ ਮੁਸ਼ਕਲਾਂ ਤੋਂ ਪਾਰ ਪਾਇਆ ਜਾ ਸਕਦਾ ਹੈ। ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਆਪਣੇ ਯੂਨਿਟ ਸਥਾਪਿਤ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਉਦਯੋਗ ਦੇ ਪ੍ਰਫੁੱਲਿਤ ਹੋਣ ਦੀਆਂ ਬਹੁਤ ਸੰਭਾਵਨਾਵਾਂ ਹਨ ਇਸ ਲਈ ਉਦਯੋਗਪਤੀਆਂ ਨੂੰ ਪੰਜਾਬ ਵੱਲ ਰੁੱਖ਼ ਕਰਨਾ ਚਾਹੀਦਾ ਹੈ।