ਥਿਰੂਵਨੰਤਪੁਰਮ, ਭਾਰਤ ‘ਏ’ ਨੇ ਅੱਜ ਇੱਥੇ ਪਹਿਲੇ ਗੈਰ ਰਸਮੀ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਸਵੇਰੇ ਦੱਖਣੀ ਅਫ਼ਰੀਕਾ ‘ਏ’ ਨੂੰ ਆਸਾਨੀ ਨਾਲ ਸੱਤ ਵਿਕਟਾਂ ਤੋਂ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਹਾਸਲ ਕੀਤੀ। ਮੁੰਬਈ ਦੇ ਆਲ ਰਾਊਂਡਰ ਸ਼ਿਵਮ ਦੂਬੇ ਨੇ ਲਗਾਤਾਰ ਗੇਂਦਾਂ ’ਚ ਦੋ ਛੱਕੇ ਮਾਰ ਕੇ ਮੇਜ਼ਬਾਨਾਂ ਦੀ ਜਿੱਤ ਯਕੀਨੀ ਬਣਾਈ।
ਸਿਰਫ਼ 48 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ‘ਏ’ ਨੇ ਦੂਜੀ ਪਾਰੀ ਵਿੱਚ ਕਪਤਾਨ ਸ਼ੁਭਮਨ ਗਿੱਲ (05), ਅੰਕਿਤ ਬਾਵਨੇ (06) ਅਤੇ ਕੇ.ਐੱਸ. ਭਰਤ (05) ਦੇ ਰੂਪ ਵਿੱਚ ਵਿਕਟਾਂ ਗੁਆ ਦਿੱਤੀਆਂ ਪਰ ਦੂਬੇ (ਨਾਬਾਦ 12) ਅਤੇ ਰਿੱਕੀ ਭੂਈ (ਨਾਬਾਦ 20) ਨੇ ਘਰੇਲੂ ਟੀਮ ਲਈ ਰਸਮ ਪੂਰੀ ਕੀਤੀ। ਦੱਖਣੀ ਅਫ਼ਰੀਕਾ ‘ਏ’ ਦੇ ਤੇਜ਼ ਗੇਂਦਬਾਜ਼ ਲੂੰਗੀ ਐਨਗਿਡੀ ਨੇ ਪਹਿਲੀ ਪਾਰੀ ਵਿੱਚ 90 ਦੌੜਾਂ ਬਣਾਉਣ ਵਾਲੇ ਗਿੱਲ ਨੂੰ ਬਾਊਲਡ ਕੀਤਾ। ਜਿਸ ਨਾਲ ਭਾਰਤ ‘ਏ’ ਨੇ 10 ਦੌੜਾਂ ’ਤੇ ਪਹਿਲਾ ਵਿਕਟ ਗੁਆ ਦਿੱਤਾ। ਬਾਵਨੇ 17 ਗੇਂਦਾਂ ਖੇਡਣ ਤੋਂ ਬਾਅਦ ਐਨਗਿਡੀ ਨੂੰ ਵਿਕਟ ਦੇ ਬੈਠਾ ਜਦੋਂਕਿ ਭਾਰਤ ਆਫ਼ ਸਪਿੰਨਰ ਭਰਤ ਨੂੰ ਆਫ਼ ਸਪਿੰਨਰ ਦਾਨੇ ਪਿਏਟ ਨੇ ਪਵੇਲੀਅਨ ਭੇਜਿਆ।
ਦੂਬੇ ਨੇ ਪਿਏਟ ਦੀਆਂ ਲਗਾਤਾਰ ਗੇਂਦਾਂ ’ਤੇ ਦੋ ਛੱਕੇ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਦੱਖਣੀ ਅਫ਼ਰੀਕਾ ‘ਏ’ ਨੇ ਦੂਜੀ ਪਾਰੀ ਵਿੱਚ ਨੌਂ ਵਿਕਟਾਂ ’ਤੇ 179 ਦੌੜਾਂ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਟੀਮ 186 ਦੌੜਾਂ ’ਤੇ ਆਊਟ ਹੋ ਗਈ। ਮੇਜ਼ਬਾਨਾਂ ਨੂੰ ਜਿੱਤ ਹਾਸਲ ਕਰਨ ’ਚ ਸਿਰਫ਼ 3.5 ਓਵਰ ਲੱਗੇ।
ਸ਼ਾਰਦੁੱਲ ਠਾਕੁ ਨੇ ਲੂਥੋ ਸਿਪਮਾਲਾ ਨੂੰ ਅੱਠ ਦੌੜਾਂ ’ਤੇ ਬਾਊਲਡ ਕੀਤਾ ਜਿਸ ਨਾਲ ਉਨ੍ਹਾਂ ਨੇ 31 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਸਪਿੰਨਰ ਸ਼ਾਹਬਾਜ਼ ਨਦੀਮ (17 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਜਲਜ ਸਕਸੈਨਾ (22 ਦੌੜਾਂ ’ਤੇ ਦੋ ਵਿਕਟਾਂ) ਭਾਰਤ ‘ਏ’ ਲਈ ਦੂਜੀ ਪਾਰੀ ਵਿੱਚ ਸਭ ਤੋਂ ਵਧੀਆ ਗੇਂਦਬਾਜ਼ ਰਹੇ।
ਬੁੱਧਵਾਰ ਨੂੰ ਗਰੀਨਫੀਲਡ ਸਟੇਡੀਅਮ ਵਿੱਚ ਸਿਰਫ਼ 20 ਓਵਰਾਂ ਦਾ ਹੀ ਖੇਡ ਹੋ ਸਕਿਆ ਸੀ। ਭਾਰਤ ‘ਏ’ ਨੇ ਦੱਖਣੀ ਅਫ਼ਰੀਕਾ ‘ਏ’ ਦੀ ਪਹਿਲੀ ਪਾਰੀ ਦੀਆਂ 164 ਦੌੜਾਂ ਦੇ ਜਵਾਬ ਵਿੱਚ 303 ਦੌੜਾਂ ਬਣਾਈਆਂ ਸਨ।