ਤਿਰੁਵਨੰਤਪੁਰਮ, ਕਪਤਾਨ ਮਨੀਸ਼ ਪਾਂਡੇ ਅਤੇ ਸ਼ਿਵਮ ਦੂਬੇ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ‘ਏ’ ਨੇ ਮੌਸਮ ਤੋਂ ਪ੍ਰਭਾਵਿਤ ਤੀਜੇ ਅਣਅਧਿਕਾਰਤ ਇੱਕ ਰੋਜ਼ਾ ਮੈਚ ਵਿੱਚ ਅੱਜ ਇੱਥੇ ਦੱਖਣੀ ਅਫਰੀਕਾ ‘ਏ’ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 3-0 ਦੀ ਜੇਤੂ ਲੀਡ ਬਣਾ ਲਈ ਹੈ। ਖ਼ਰਾਬ ਮੌਸਮ ਕਾਰਨ ਮੈਚ ਦੇਰ ਨਾਲ ਸ਼ੁਰੂ ਹੋਇਆ, ਜਿਸ ਮਗਰੋਂ ਇਸ ਨੂੰ 30 ਓਵਰਾਂ ਕਰਨਾ ਪਿਆ। ਦੱਖਣੀ ਅਫਰੀਕਾ ‘ਏ’ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਹੈਨਰਿਕ ਕਲਾਸੇਨ (44 ਦੌੜਾਂ), ਜੇਨਮੈਨ ਮਾਲਨ (37 ਦੌੜਾਂ) ਅਤੇ ਮੈਥਿਊ ਬਿਰਜ਼ਕ (36 ਦੌੜਾਂ) ਦੀਆਂ ਸ਼ਾਨਦਾਰ ਪਾਰੀਆਂ ਨਾਲ ਟੀਮ ਨੇ ਅੱਠ ਵਿਕਟਾਂ ’ਤੇ 207 ਦੌੜਾਂ ਬਣਾਈਆਂ। ਕਰੁਣਾਲ ਪਾਂਡਿਆ ਨੇ 23, ਜਦਕਿ ਦੀਪਕ ਚਾਹਰ ਨੇ 42 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ।
ਇਸ ਦੇ ਜਵਾਬ ਵਿੱਚ ਭਾਰਤ ‘ਏ’ ਨੇ ਕਪਤਾਨ ਪਾਂਡੇ (81 ਦੌੜਾਂ), ਇਸ਼ਾਨ ਕਿਸ਼ਨ (40 ਦੌੜਾਂ) ਅਤੇ ਦੂਬੇ (ਨਾਬਾਦ 45 ਦੌੜਾਂ) ਦੀਆਂ ਪਾਰੀਆਂ ਦੀ ਬਦੌਲਤ 13 ਗੇਂਦਾਂ ਬਾਕੀ ਰਹਿੰਦਿਆਂ ਛੇ ਵਿਕਟਾਂ ’ਤੇ 208 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ‘ਏ’ ਨੇ 26 ਦੌੜਾਂ ਤੱਕ ਤਿੰਨ ਵਿਕਟਾਂ (ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ, ਰਿੱਕੀ ਭੂਈ ਅਤੇ ਪਾਂਡਿਆ) ਗੁਆ ਲਈਆਂ ਸਨ। ਇਸ਼ਾਨ ਕਿਸ਼ਨ ਅਤੇ ਪਾਂਡੇ ਨੇ ਇਸ ਮਗਰੋਂ ਚੌਥੀ ਵਿਕਟ ਲਈ 70 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ।