ਨਵੀਂ ਦਿੱਲੀ, 7 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਰੋਜ਼ਾ ਜੀ-20 ਸਿਖਰ ਵਾਰਤਾ ਤੋਂ ਪਹਿਲਾਂ ਆਪਣੇ ਵਜ਼ਾਰਤੀ ਸਾਥੀਆਂ ਲਈ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਇੰਡੀਆ ਵਿਵਾਦ ਤੋਂ ਮੰਤਰੀ ਗੁਰੇਜ਼ ਕਰਨ। ਸੂਤਰਾਂ ਨੇ ਕਿਹਾ ਕਿ ਸ੍ਰੀ ਮੋਦੀ ਨੇ ਮੰਤਰੀਆਂ ਨੂੰ ਸਾਫ ਕਰ ਦਿੱਤਾ ਕਿ ਉਹ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਜੀ-20 ਵਾਰਤਾ ਲਈ ਆਉਣ ਵਾਲੇ ਮਹਿਮਾਨਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਾ ਹੋਵੇ।
ਸ੍ਰੀ ਮੋਦੀ ਨੇ ਕਿਹਾ ਕਿ ਮੰਤਰੀ ਜੀ-20 ਦੇ ਮੁੱਖ ਵੈਨਿਊ ਭਾਰਤ ਮੰਡਪਮ ਤੇ ਬੈਠਕਾਂ ਦੀਆਂ ਹੋਰਨਾਂ ਥਾਵਾਂ ਤੱਕ ਪੁੱਜਣ ਲਈ ਆਪਣੇ ਸਰਕਾਰੀ ਵਾਹਨਾਂ ਦੀ ਥਾਂ ਸ਼ਟਲ ਸੇਵਾ ਦੀ ਵਰਤੋਂ ਕਰਨ। ਪ੍ਰਧਾਨ ਮੰਤਰੀ ਨੇ ਆਪਣੇ ਕੈਬਨਿਟ ਸਾਥੀਆਂ ਨੂੰ ਕਿਹਾ ਕਿ ਉਹ ਜੀ20 ਇੰਡੀਆ ਮੋਬਾਈਲ ਐਪ ਡਾਊਨਲੋਡ ਕਰਨ ਤੇ ਵਿਦੇਸ਼ੀ ਮਹਿਮਾਨਾਂ ਨਾਲ ਗੱਲਬਾਤ ਮੌਕੇ ਇਸ ਦੇ ਅਨੁਵਾਦ ਤੇ ਹੋਰ ਫੀਚਰਾਂ ਦਾ ਪੂਰਾ ਇਸਤੇਮਾਲ ਕਰਨ। ਜੀ 20 ਮੋਬਾਈਲ ਐਪ ਵਿੱਚ ਸਾਰੀਆਂ ਭਾਰਤੀ ਭਾਸ਼ਾਵਾਂ ਤੇ ਜੀ 20 ਮੁਲਕਾਂ ਦੀਆਂ ਭਾਸ਼ਾਵਾਂ ਦਾ ਫੌਰੀ ਅਨੁਵਾਦ ਦਾ ਫੀਚਰ ਉਪਲਬਧ ਹੈ। ਉਧਰ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤੜਾ ਨੇ ਵੀ ਮੰੰਤਰੀਆਂ ਨੂੰ ਪ੍ਰੋਟੋਕੋਲ ਤੇ ਸਬੰਧਤ ਮਾਮਲਿਆਂ ਬਾਰੇ ਤਫ਼ਸੀਲ ’ਚ ਸਮਝਾਇਆ। ਇਨ੍ਹਾਂ ਕੇਂਦਰੀ ਮੰਤਰੀਆਂ ਵਿਚੋਂ ਕੁਝ ਹਵਾਈ ਅੱਡੇ ’ਤੇ ਪੁੱਜਣ ਵਾਲੇ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਨਗੇ। ਕੇਂਦਰੀ ਸਿਹਤ ਮੰਤਰੀ ਐੱਸ.ਪੀ.ਐੱਸ.ਸਿੰਘ ਬਘੇਲ ਨੇ ਲੰਘੇ ਦਿਨ ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੁਬੂ ਨੂੰ ਜੀ ਆਇਆਂ ਆਖਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਾਰੇ ਕੈਬਨਿਟ ਸਾਥੀਆਂ ਨੂੰ ਕਿਹਾ ਕਿ ਉਹ ਤਾਮਿਲ ਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਵੱਲੋਂ ਸਨਾਤਨ ਧਰਮ ਬਾਰੇ ਦਿੱਤੇ ਬਿਆਨ ਦਾ ਡੱਟ ਕੇ ਵਿਰੋਧ ਕਰਨ। ਪ੍ਰਧਾਨ ਮੰਤਰੀ ਦੇ ਇਨ੍ਹਾਂ ਨਿਰਦੇਸ਼ਾਂ ਤੋਂ ਸੰਕੇਤ ਮਿਲਦਾ ਹੈ ਕਿ ਭਗਵਾ ਪਾਰਟੀ ਇਸ ਨੂੰ ਕੌਮੀ ਮੁੱਦਾ ਬਣਾਉਣ ਦੇ ਰੌਂਅ ’ਚ ਹੈ। ਉਨ੍ਹਾਂ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਭਾਰਤ-ਇੰਡੀਆ ਨਾਮ ਬਾਰੇ ਵਿਵਾਦ ’ਤੇ ਬੋਲਣ ਤੋਂ ਗੁਰੇਜ਼ ਕਰਨ। ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 9 ਸਤੰਬਰ ਨੂੰ ਜੀ-20 ਰਾਤਰੀ ਭੋਜ ਦਿੱਤੇ ਜਾਣ ਬਾਰੇ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਵੀਆਈਪੀ ਸੱਭਿਆਚਾਰ ਛੱਡ ਕੇ ਸੰਸਦ ’ਚ ਇਕੱਠੇ ਹੋਣ।