ਸਿਡਨੀ, 24 ਨਵੰਬਰ
ਇਥੇ ਭਾਰਤ ਅਤੇ ਆਸਟਰੇਲੀਆ ਦਰਮਿਆਨ ਹੋਣ ਜਾ ਰਹੇ ਕ੍ਰਿਕਟ ਮੈਚਾਂ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਜ਼ੋਰਾਂ ’ਤੇ ਹੈ। ਟਿਕਟਾਂ ਵੇਚਣ ਤੇ ਖਰੀਦਣ ਦੇ ਮਾਮਲੇ ਵਿਚ ਕੁਝ ਭਾਰਤੀਆਂ ਦੇ ਨਾਂ ਹੀ ਸਾਹਮਣੇ ਆ ਰਹੇ ਹਨ।
ਸਿਡਨੀ ਕ੍ਰਿਕਟ ਗਰਾਊਂਡ ਵਿਚ 27 ਤੇ 29 ਨਵੰਬਰ ਤੇ ਕੈਨਬਰਾ ਵਿਚ 2 ਦਸੰਬਰ ਨੂੰ ਹੋਣ ਜਾ ਰਹੇ ਇੱਕ ਰੋਜ਼ਾ ਮੈਚਾਂ ਲਈ ਸਾਰੀਆਂ ਟਿਕਟਾਂ ਸਰਕਾਰ ਦੀ ਮਾਨਤਾ ਪ੍ਰਾਪਤ ਸਾਈਟ ਤੋਂ ਇੱਕ ਘੰਟੇ ਵਿਚ ਹੀ ਵਿਕ ਗਈਆਂ ਸਨ ਤੇ ਟਿਕਟਾਂ ਤੋਂ ਵਾਂਝੇ ਪ੍ਰੇਮੀ ਮੈਚ ਦੀ ਟਿਕਟ ਖਰੀਦਣ ਲਈ ਹੱਥ ਪੈਰ ਮਾਰ ਰਹੇ ਹਨ। ਕਰੋਨਾ ਕਾਰਨ ਇਸ ਵਾਰ ਸਟੇਡੀਅਮ ਵਿਚ ਸੀਮਤ ਦਰਸ਼ਕਾਂ ਦੇ ਬੈਠਣ ਲਈ ਹੀ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਸਾਹਮਣੇ ਆਇਆ ਹੈ ਕਿ ਵੈਬਸਾਈਟ ਤੋਂ ਟਿਕਟਾਂ ਖਰੀਦ ਚੁੱਕੇ ਲੋਕ ਹੁਣ ਅੱਗੇ ਆਨਲਾਈਨ ਹੀ ਮਹਿੰਗੇ ਭਾਅ ਟਿਕਟਾਂ ਵੇਚ ਰਹੇ ਹਨ। ਇਸ ਵੇਲੇ ਸਾਧਾਰਨ 30 ਡਾਲਰ ਵਾਲੀ ਟਿਕਟ 90 ਤੋਂ 110 ਡਾਲਰ ਤੱਕ ਵੇਚੀ ਜਾ ਰਹੀ ਹੈ। ਜਦੋਂ ਕਿ 50 ਡਾਲਰ ਵਾਲੀ 180 ਤੋਂ 250 ਡਾਲਰ ਤੱਕ ਵੇਚਣ ਦੀ ਪੇਸ਼ਕਸ਼ ਹੈ। ਇਕੱਲੇ ਗਮਟ੍ਰੀ ਦੇ ਵੈਬ ਪੇਜ ’ਤੇ ਹੀ ਦਰਜਨਾਂ ਟਿਕਟਾਂ ਵਿਕਣ ’ਤੇ ਲੱਗੀਆਂ ਹੋਈਆਂ ਹਨ। ਇਨ੍ਹਾਂ ਮੈਚਾਂ ਤੋਂ ਇਲਾਵਾ ਟੀ-20 ਮੈਚ 4 ਦਸੰਬਰ ਨੂੰ ਕੈਨਬਰਾ, 6 ਤੇ 8 ਦਸੰਬਰ ਨੂੰ ਸਿਡਨੀ ਕ੍ਰਿਕਟ ਗਰਾਊਂਡ ਵਿਚ ਖੇਡੇ ਜਾਣਗੇ। ਕਰੋਨਾ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀ 26 ਨਵੰਬਰ ਤੱਕ ਇਕਾਂਤਵਾਸ ਕੀਤੇ ਹੋਏ ਹਨ।