ਨਵੀਂ ਦਿੱਲੀ, 7 ਜਨਵਰੀ

ਭਾਰਤ ਸਰਕਾਰ ਨੇ ਨਵੇਂ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਦੇਸ਼ ਵਿੱਚ ਆਉਣ ਵਾਲੇ ਕੌਮਾਂਤਰੀ ਮੁਸਾਫਿਰਾਂ ਲਈ ਇਕ ਹਫਤੇ ਵਾਸਤੇ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ ਤੇ 8ਵੇਂ ਦਿਨ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ। ਅੱਜ ਸ਼ੁੱਕਰਵਾਰ ਤੋਂ ਜਾਰੀ ਹੋਈਆਂ ਇਹ ਹਦਾਇਤਾਂ 11 ਜਨਵਰੀ ਤੋਂ ਅਗਲੇ ਹੁਕਮਾਂ ਤਕ ਲਾਗੂ ਰਹਿਣਗੀਆਂ। ਹਦਾਇਤਾਂ ਅਨੁਸਾਰ ‘ਕੋਵਿਡ ਰਿਸਕ’ ਵਾਲੇ ਦੇਸ਼ਾਂ ਵਿੱਚੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਆਉਣ ’ਤੇ ਕੋਵਿਡ ਦਾ ਸੈਂਪਲ ਦੇਣਾ ਪਏਗਾ ਤੇ ਹਵਾਈ ਅੱਡੇ ’ਤੇ ਹੀ ਨਤੀਜੇ ਦੀ ਉਡੀਕ ਕਰਨੀ ਪਏਗੀ ਜਿਸ ਮਗਰੋਂ ਹੀ ਉਹ ਹਵਾਈ ਅੱਡੇ ਤੋਂ ਬਾਹਰ ਆ ਸਕਣਗੇ ਜਾਂ ਅਗਲੀ ਫਲਾਈਟ ਲੈ ਸਕਣਗੇ। ਜੇਕਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਵੀ ਉਨ੍ਹਾਂ ਨੂੰ ਘਰ ਵਿੱਚ ਹੀ ਇਕ ਹਫਤੇ ਲਈ ਇਕਾਂਤਵਾਸ ਹੋਣਾ ਪਏਗਾ ਤੇ 8ਵੇਂ ਦਿਨ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ। ਇਸੇ ਦੌਰਾਨ ਬਿਨਾਂ ਰਿਸਕ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਿਰਾਂ ਦਾ ਵੀ ਹਵਾਈ ਅੱਡੇ ’ਤੇ ਕਰੋਨਾ ਟੈਸਟ ਕੀਤਾ ਜਾ ਸਕਦਾ ਹੈ। ਪੰਜ ਸਾਲ ਤੋਂ ਛੋਟੇ ਬੱਚਿਆਂ ਦਾ ਟੈਸਟ ਨਹੀਂ ਕੀਤਾ ਜਾਵੇਗਾ।