ਮੈਲਬੌਰਨ, 8 ਫਰਵਰੀ
ਆਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੱਟ ਕਾਰਨ ਆਸਟਰੇਲਿਆਈ ਟੀਮ ਦੇ ਭਾਰਤ ਦੌਰੇ ਦੌਰਾਨ ਟੀਮ ਵਿਚੋਂ ਬਾਹਰ ਰਹਿਣਗੇ ਜਦੋਂ ਕਿ ਹਰਫ਼ਨਮੌਲਾ ਮਿਸ਼ੇਲ ਮਾਰਸ਼ ਨੂੰ 24 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਟਵੰਟੀ-20 ਅਤੇ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤੋਂ ਬਾਹਰ ਰੱਖਿਆ ਗਿਆ ਹੈ। ਪਿਛਲੇ ਮਹੀਨੇ ਭਾਰਤ ਵਿਰੁੱਧ ਘਰੇਲੂ ਲੜੀ ਖੇਡਣ ਵਾਲੀ 16 ਮੈਂਬਰੀ ਟੀਮ ਦੇ ਗਿਆਰਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਭਾਰਤ ਨੇ ਆਸਟਰੇਲੀਆ ਨੂੰ ਇੱਕ ਰੋਜ਼ਾ ਅਤੇ ਟੈਸਟ ਲੜੀ ਵਿਚ ਉਸਦੀ ਸਰਜ਼ਮੀ ਉੱਤੇ ਹਰਾ ਕੇ ਇਤਿਹਾਸ ਸਿਰਜਿਆ ਹੈ ਅਤੇ ਟਵੰਟੀ-20 ਲੜੀ 1-1 ਨਾਲ ਬਰਾਬਰ ਰਹੀ ਹੈ। ਹੁਣ ਆਸਟਰੇਲੀਆ ਦੀ ਟੀਮ ਭਾਰਤ ਦੌਰੇ ਦੌਰਾਨ ਮੁੜ ਤੋਂ ਆਪਣੀ ਰਣਨੀਤੀ ਉਲੀਕ ਕੇ ਮੈਦਾਨ ਵਿਚ ਉੱਤਰੇਗੀ।
ਸਟਾਰਕ ਦੇ ਸ੍ਰੀਲੰਕਾ ਵਿਰੁੱਧ ਦੂਜੇ ਟੈਸਟ ਵਿੱਚ ਸੱਟ ਲੱਗ ਗਈ ਸੀ। ਕੌਮੀ ਚੋਣਕਾਰ ਟਰੇਵਰ ਹੋਂਸ ਨੇ ਦੱਸਿਆ ਹੈ ਕਿ ਉਸਦੀ ਸੱਟ ਗੰਭੀਰ ਹੈ ਅਤੇ ਉਹ ਭਾਰਤ ਦੌਰੇ ਉੱਤੇ ਨਹੀਂ ਜਾ ਸਕੇਗਾ। ਲੱਕ ਦੀ ਸੱਟ ਨਾਲ ਜੂਝ ਰਿਹਾ ਜੋਸ਼ ਹੇਜਲਵੁੱਡ ਵੀ ਟੀਮ ’ਚ ਨਹੀਂ ਹੈ। ਭਾਰਤ ਵਿਰੁੱਧ ਘਰੇਲੂ ਲੜੀ ਵਿਚ ਵਾਪਸੀ ਕਰਨ ਵਾਲੇ ਪੀਟਰ ਸਿਡਲ ਨੂੰ ਵੀ ਟੀਮ ਵਿਚ ਥਾਂ ਨਹੀਂ ਮਿਲੀ। ਆਰੋਨ ਫਿੰਚ ਟੀ-20 ਟੀਮ ਦੀ ਕਪਤਾਨੀ ਕਰੇਗਾ। ਦੋਵੇਂ ਟੀਮਾਂ ਮੁਹਾਲੀ ਵਿਚ 10 ਮਾਰਚ ਨੂੰ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡਣਗੀਆਂ। ਆਸਟਰੇਲਿਆਈ ਟੀਮ ਇਸ ਪ੍ਰਕਾਰ ਹੈ:-
ਕਪਤਾਨ ਆਰੋਨ ਫਿੰਚ, ਪੈਟ ਕਮਿਨਸ, ਅਲੈਕਸ ਕਾਰੇ, ਜਾਸਨ ਬਹਿਰੇਨਡੋਰਫ, ਨਾਥਨ ਕੂਲਟਰ ਨਾਈਲ, ਪੀਟਰ ਹੈਂਡਸਕੌਂਬ, ਉਸਮਾਨ ਖ਼ਵਾਜ਼ਾ, ਨਾਥਨ ਲਿਓਨ, ਸ਼ਾਨ ਮਾਰਸ਼, ਗਲੈਨ ਮੈਕਸਵੈੱਲ, ਝਾਏ ਰਿਚਰਡਸਨ, ਡਾਰਸੀ ਸ਼ਾਰਟ, ਮਾਰਕ ਸਟੋਇਨਿਸ, ਐਸ਼ਟੋਨ ਟਰਨਰ, ਐਡਮ ਜੰਪਾ।