ਨਵੀਂ ਦਿੱਲੀ, 6 ਜੂਨ
ਭਾਰਤ ਤੇ ਅਮਰੀਕਾ ਨੇ ਅੱਜ ਇੱਥੇ ਰੱਖਿਆ ਖੇਤਰ ਵਿਚ ਉਦਯੋਗਿਕ ਪੱਧਰ ’ਤੇ ਸਹਿਯੋਗ ਕਰਨ ਉਤੇ ਚਰਚਾ ਕੀਤੀ ਹੈ। ਦੋਵਾਂ ਮੁਲਕਾਂ ਨੇ ਫ਼ੌਜੀ ਢਾਂਚਿਆਂ ਨੂੰ ਸਾਂਝੇ ਤੌਰ ਉਤੇ ਵਿਕਸਿਤ ਕਰਨ ਦੇ ਵੱਖ-ਵੱਖ ਪ੍ਰਾਜੈਕਟਾਂ ਨੂੰ ਤਰਜੀਹ ਦੇਣ ਬਾਰੇ ਵੀ ਵਚਨਬੱਧਤਾ ਪ੍ਰਗਟ ਕੀਤੀ ਹੈ। ਦੋਵਾਂ ਮੁਲਕਾਂ ਵਿਚਾਲੇ ਇਹ ਤਾਲਮੇਲ ਯੂਕਰੇਨ ਸੰਕਟ ਤੇ ਹਿੰਦ-ਪ੍ਰਸ਼ਾਂਤ ਵਿਚ ਚੀਨ ਦੇ ਵਧ ਰਹੇ ਦਖ਼ਲ ਦੇ ਮੱਦੇਨਜ਼ਰ ਮਹੱਤਵਪੂਰਨ ਹੈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਮਰੀਕਾ ਦੇ ਆਪਣੇ ਹਮਰੁਤਬਾ ਲੌਇਡ ਆਸਟਿਨ ਨਾਲ ਵਿਆਪਕ ਚਰਚਾ ਤੋਂ ਬਾਅਦ ਕਿਹਾ ਕਿ ਮੁਕਤ, ਖੁੱਲ੍ਹੇ ਤੇ ਨੇਮ ਅਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਲਈ ਭਾਰਤ-ਅਮਰੀਕਾ ਦੀ ਭਾਈਵਾਲੀ ਮਹੱਤਵਪੂਰਨ ਹੈ। ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਦੋਵਾਂ ਧਿਰਾਂ ਨੇ ਦੁਵੱਲੇ ਰੱਖਿਆ ਤਾਲਮੇਲ ਦੇ ਮੁੱਦਿਆਂ ਉਤੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਚਰਚਾ ਹੋਈ ਹੈ। ਰਾਜਨਾਥ ਸਿੰਘ ਨੇ ਮਗਰੋਂ ਕਿਹਾ ਕਿ ਰਣਨੀਤਕ ਹਿੱਤਾਂ ਅਤੇ ਸੁਰੱਖਿਆ ਤਾਲਮੇਲ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਸਟਿਨ ਦੋ ਦਿਨ ਦੀ ਯਾਤਰਾ ਉਤੇ ਐਤਵਾਰ ਦਿੱਲੀ ਪੁੱਜੇ ਸਨ। ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਦੋ ਹਫ਼ਤੇ ਪਹਿਲਾਂ ਕੀਤਾ ਗਿਆ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸਮਰੱਥਾ ਨਿਰਮਾਣ ਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਖੇਤਰਾਂ ਵਿਚ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਉਤਸ਼ਾਹਿਤ ਹੈ। ਆਸਟਿਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਹਿਰੇ ਹੋ ਰਹੇ ਸਬੰਧ ਦਿਖਾਉਂਦੇ ਹਨ ਕਿ ਕਿਵੇਂ ਦੋ ‘ਮਹਾਨ ਤਾਕਤਾਂ’ ਦਰਮਿਆਨ ਤਕਨੀਕੀ ਕਾਢਾਂ ਅਤੇ ਵਧ ਰਿਹਾ ਫ਼ੌਜੀ ਸਹਿਯੋਗ ਪੂਰੀ ਦੁਨੀਆ ਲਈ ਚੰਗਾ ਸਾਬਿਤ ਹੋ ਸਕਦਾ ਹੈ। ਆਸਟਿਨ ਨੇ ਕਿਹਾ ਕਿ ਭਾਰਤ-ਅਮਰੀਕਾ ਦਾ ਸਹਿਯੋਗ ਮਹੱਤਵ ਰੱਖਦਾ ਹੈ, ‘ਕਿਉਂਕਿ ਅਸੀਂ ਸਾਰੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਚੀਨ ਦਾ ਡਰਾਉਣ-ਧਮਕਾਉਣ ਵਾਲਾ ਸਖ਼ਤ ਰਵੱਈਆ ਦੇਖ ਰਹੇ ਹਾਂ ਤੇ ਯੂਕਰੇਨ ਪ੍ਰਤੀ ਰੂਸ ਦਾ ਹਮਲਾਵਰ ਵਤੀਰਾ ਵੀ ਸਭ ਦੇ ਸਾਹਮਣੇ ਹੈ ਜੋ ਕਿ ਪ੍ਰਭੂਸੱਤਾ ਦੀ ਉਲੰਘਣਾ ਕਰ ਕੇ ਸਰਹੱਦਾਂ ਨੂੰ ਮੁੜ ਤੋਂ ਲਿਖਣ ਦਾ ਯਤਨ ਕਰ ਰਹੇ ਹਨ। ਆਸਟਿਨ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਤੇ ਅਮਰੀਕਾ ਦਾ ਨੇਮ-ਅਧਾਰਿਤ ਕੌਮਾਂਤਰੀ ਵਿਵਸਥਾ ਨੂੰ ਬਣਾਏ ਰੱਖਣ ਵਿਚ ਅਹਿਮ ਰੋਲ ਹੈ ਜਿਸ ਨਾਲ ‘ਸਾਰੇ ਸੁਰੱਖਿਅਤ ਰਹਿ ਸਕਦੇ ਹਨ।’ ਅਮਰੀਕੀ ਆਗੂ ਨੇ ਵੱਖਰੇ ਤੌਰ ’ਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਚਰਚਾ ਕੀਤੀ। ਆਸਟਿਨ ਨੇ ਮਗਰੋਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪੋ-ਆਪਣੀਆਂ ਰੱਖਿਆ ਸਨਅਤਾਂ ਵਿਚਾਲੇ ਸਬੰਧ ਹੋਰ ਗਹਿਰੇ ਕਰਨ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਰੱਖਿਆ ਪ੍ਰਾਜੈਕਟਾਂ ਨੂੰ ਆਉਣ ਵਾਲੇ ਸਮੇਂ ’ਚ ਫਾਸਟ-ਟਰੈਕ ਕੀਤਾ ਜਾਵੇਗਾ ਤੇ ਤਰਜੀਹੀ ਅਧਾਰ ’ਤੇ ਅੱਗੇ ਵਧਾਇਆ ਜਾਵੇਗਾ।