ਵਾਸ਼ਿੰਗਟਨ, 26 ਜੂਨ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੀ ਦੋਸਤੀ ਕੁੱਲ ਆਲਮ ਵਿਚ ‘ਸਭ ਤੋਂ ਅਹਿਮ’ ਹੈ ਤੇ ਦੁਵੱਲੇ ਰਿਸ਼ਤੇ ਪਹਿਲਾਂ ਤੋਂ ਵਧੇਰੇ ਗਤੀਸ਼ੀਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਸਰਕਾਰੀ ਫੇਰੀ ਦੌਰਾਨ ਅਮਰੀਕਾ ਤੇ ਭਾਰਤ ਵੱਲੋਂ ਆਪਣੀ ਰਣਨੀਤਕ ਤਕਨਾਲੋਜੀ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਕਈ ਪ੍ਰਮੁੱਖ ਸਮਝੌਤਿਆਂ ’ਤੇ ਸਹੀ ਪਾਉਣ ਮਗਰੋਂ ਬਾਇਡਨ ਨੇ ਇਹ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਅਮਰੀਕੀ ਸਦਰ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੇ ਸੱਦੇ ’ਤੇ 21 ਤੋਂ 24 ਜੂਨ ਤੱਕ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਸਨ। ਬਾਇਡਨ ਨੇ ਐਤਵਾਰ ਨੂੰ ਇਕ ਟਵੀਟ ਵਿੱਚ ਕਿਹਾ, ‘‘ਅਮਰੀਕਾ ਤੇ ਭਾਰਤ ਵਿਚਲੀ ਦੋਸਤੀ ਵਿਸ਼ਵ ਦੇ ਸਭ ਤੋਂ ਅਹਿਮ ਰਿਸ਼ਤਿਆਂ ’ਚੋਂ ਇਕ ਹੈ। ਇਹ ਪਹਿਲਾਂ ਨਾਲੋਂ ਵੀ ਕਿਤੇ ਵੱਧ ਮਜ਼ਬੂਤ, ਡੂੰਘੀ ਤੇ ਵਧੇਰੇ ਗਤੀਸ਼ੀਲ ਹੈ।’’ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਇਡਨ ਦੇ ਟਵੀਟ ਦੇ ਜਵਾਬ ਵਿੱਚ ਲਿਖਿਆ, ‘‘ਰਾਸ਼ਟਰਪਤੀ ਜੋਅ ਬਾਇਡਨ, ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਸਾਡੇ ਮੁਲਕਾਂ ਦੀ ਦੋਸਤੀ ਕੁੱਲ ਆਲਮ ਦੇ ਹਿੱਤ ਵਿਚ ਹੈ। ਇਸ ਨਾਲ ਸਾਡੀ ਧਰਤੀ ਹੋਰ ਬਿਹਤਰ ਤੇ ਵਧੇਰੇ ਟਿਕਾਊ ਬਣੇਗੀ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੇਰੀ ਹਾਲੀਆ ਫੇਰੀ ਦੌਰਾਨ ਜਿਨ੍ਹਾਂ ਮੁੱਦਿਆਂ ’ਤੇ ਚਰਚਾ ਕੀਤੀ ਗਈ ਹੈ, ਉਸ ਨਾਲ ਸਾਡੇ ਸਬੰਧ ਵਧੇੇਰੇ ਮਜ਼ਬੂਤ ਹੋਣਗੇ।’’